ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ਼ੁਕਰਵਾਰ ਨੂੰ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸਿੱਖ ਸਿਧਾਂਤਾਂ ਮੁਤਾਬਕ ਸਾਰੇ ਸਿੱਖ ਗੁਰਦੁਆਰਿਆਂ ਦੇ ਦਰਵਾਜ਼ੇ ਸਭਨਾਂ ਲਈ 24 ਘੰਟੇ ਖੁਲੇ ਹਨ। ਗੁਰਦੁਆਰਿਆਂ ਵਿੱਚ ਕਿਸੇ ਵੀ ਜਾਤੀ, ਧਰਮ ਜਾਂ ਲਿੰਗ ਦੇ ਆਧਾਰ ਉੱਤੇ ਪ੍ਰਵੇਸ਼ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਮੌਕੇ ਸ਼ੁਕਰਵਾਰ 3 ਤੋਂ 5 ਜਨਵਰੀ ਤੱਕ ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਵਿੱਚ ਗੈਰ ਸਿਖਾਂ ਦੇ ਪ੍ਰਵੇਸ਼ ਲਈ ਲਗਾਈ ਪਾਬੰਦੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਗਈ ਹੈ। ਉ੍ਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਕਰਤਾਰਪੁਰ ਵਿੱਚ ਪੂਰੀਆਂ ਸਹੁਲਤਾਂ ਹਨ, ਜੋ ਕਿ ਹਾਸੋਹੀਣਾ ਬਿਆਨ ਹੈ। ਸਿਰਸਾ ਦਾ ਕਹਿਣਾ ਹੈ ਕਿ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਨ ਦੀ ਸ਼ਾਂਤੀ ਲਈ ਨਤਮਸਤਕ ਹੋਣ ਲਈ ਜਾਂਦੇ ਹਨ, ਨਾ ਕਿ ਸਰਕਾਰੀ ਸੁਵਿਧਾਵਾਂ ਦੀ ਵਰਤੋਂ ਕਰਨ।
ਸਿਰਸਾ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਦਾ ਇਹ ਆਦੇਸ਼ ਦੋਹਾਂ ਦੇਸ਼ਾਂ ਵਿੱਚ ਕਰਤਾਰਪੁਰ ਕੌਰੀਡੋਰ ਨੂੰ ਖੋਲਣ ਲਈ ਸਮਝੌਤੇ ਦੇ ਵਿਰੁੱਧ ਹੈ, ਕਿਉਂਕਿ ਇਸ ਸਮਝੌਤੇ ਦੇ ਅਧੀਨ ਪਾਕਿਸਤਾਨ ਸਰਕਾਰ ਨੇ ਸਾਰੇ ਧਰਮ ਦੇ ਸ਼ਰਧਾਲੂਆਂ ਨੂੰ ਪਵਿੱਤਰ ਗੁਰਦੁਆਰਾ ਵਿੱਚ ਮੱਥਾ ਟੇਕਣ ਤੇ ਸੀਸ ਨਿਵਾਉਣ ਲਈ ਸਹਿਮਤੀ ਦੇਣ ਦਾ ਭਰੋਸਾ ਦਿਵਾਇਆ ਸੀ। ਪਾਕਿਸਤਾਨ ਸਰਕਾਰ ਆਪਣੇ ਪੱਧਰ 'ਤੇ ਕੋਈ ਫ਼ੈਸਲਾ ਨਹੀਂ ਲੈ ਸਕਦੀ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਵਿਦੇਸ਼ ਮੰਤਰਾਲਾ ਦੇ ਜ਼ਰੀਏ ਇਸ ਮੁੱਦੇ ਨੂੰ ਪਾਕਿਸਤਾਨ ਸਰਕਾਰ ਵਿੱਚ ਚੁੱਕੇਗੀ ਅਤੇ ਇਸ ਆਦੇਸ਼ ਦਾ ਹਰ ਪੱਧਰ ਉੱਤੇ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕੇਰਲ ਵਿਧਾਨ ਸਭਾ ਵੱਲੋਂ CAA ਤੇ NRC ਵਿਰੋਧੀ ਮਤੇ ਦੇ ਹੱਕ ’ਚ ਆਏ ਕੈਪਟਨ ਅਮਰਿੰਦਰ