ਨਵੀਂ ਦਿੱਲੀ: ਕੋਲਕਾਤਾ 'ਚ ਹੋਈ ਸਿੱਖ ਨਾਲ ਹੋਈ ਬਦਸਲੂਕੀ ਦਾ ਪੱਛਮ ਬੰਗਾਲ ਦੀ ਮੁੱਖ ਮੰਤਰੀ ਵੱਲ਼ੋਂ ਕੋਈ ਜਵਾਬ ਨਹੀਂ ਆਇਆ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ਼ੋਂ ਵੀ ਮਮਤਾ ਬੈਨਰਜੀ ਨੂੰ ਮਾਮਲੇ 'ਚ ਦਖ਼ਲ ਦੇਣ ਲਈ ਕਿਹਾ ਗਿਆ ਸੀ ਪਰ ਮਮਤਾ ਨੇ ਇਸ ਮਸਲੇ 'ਤੇ ਚੁੱਪੀ ਸਾਧੀ ਹੋਈ ਹੈ।
ਅੱਜ ਮਨਜਿੰਦਰ ਸਿੰਘ ਸਿਰਸਾ ਪੱਛਮੀ ਬੰਗਾਲ ਦੇ ਗਵਰਨਰ ਐਚ. ਈ ਜਗਦੀਪ ਧਨਖ਼ਰ ਨਾਲ ਗੱਲਬਾਤ ਕਰਨ ਲਈ ਬੰਗਾਲ ਪਹੁੰਚੇ। ਐਚ. ਈ ਜਗਦੀਪ ਧਨਖ਼ਰ ਨੂੰ ਸਿਰਸਾ ਸ਼ਾਮ 4 ਵਜੇ ਮਿਲਣਗੇ। ਇਹ ਸਾਰੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ।
ਉਨ੍ਹਾਂ ਦਾ ਕਹਿਣਾ ਹੈ ਕਿ 43 ਸਾਲਾ ਸਿੱਖ ਬਲਵਿੰਦਰ ਸਿੰਘ ਦੀ ਪੱਗ ਤੇ ਕੇਸ ਖਿੱਚ ਕੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਮਸਲੇ 'ਤੇ ਗੱਲ ਕਰਨ ਉਹ ਬੰਗਾਲ ਦੇ ਗਵਰਨਰ ਨੂੰ ਮਿਲਣਗੇ।
ਕੀ ਹੈ ਮਾਮਲਾ
ਵੀਰਵਾਰ ਨੂੰ ਕੋਲਕਾਤਾ ਵਿੱਚ ਭਾਜਪਾ ਦੇ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਵੱਲੋਂ ਇੱਕ ਸਿੱਖ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਸਬੰਧੀ ਭਾਜਪਾ ਦਾ ਦੋਸ਼ ਹੈ ਕਿ ਕੋਲਕਾਤਾ ਪੁਲਿਸ ਨੇ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ 43 ਸਾਲਾ ਸਿੱਖ ਬਲਵਿੰਦਰ ਸਿੰਘ ਦੀ ਪੱਗ ਖਿੱਚ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਘਟਨਾ ਹਾਵੜਾ ਮੈਦਾਨ ਇਲਾਕੇ ਦੀ ਹੈ।
ਦੱਸ ਦਈਏ, ਬਲਵਿੰਦਰ ਸਿੰਘ ਕੋਲ 9 ਐਮਐਮ ਦੀ ਇੱਕ ਪਿਸਤੌਲ ਵੀ ਜ਼ਬਤ ਕੀਤੀ ਗਈ। ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਨ੍ਹਾਂ ਨੇ ਪਿਸਤੌਲ ਦਾ ਲਾਇਸੈਂਸ ਵੀ ਦਿਖਾਇਆ ਜਿਸ ਦੀ ਮਿਆਦ ਅਗਲੇ ਸਾਲ ਜਨਵਰੀ ਤੱਕ ਹੈ। ਬਲਵਿੰਦਰ ਸਿੰਘ ਭਾਰਤੀ ਫ਼ੌਜ ਦੇ ਇੱਕ ਸਾਬਕਾ ਫ਼ੌਜੀ ਵੀ ਹਨ, ਜੋ ਕਿ ਰਾਸ਼ਟਰੀ ਰਾਈਫ਼ਲਜ਼ ਬਟਾਲੀਅਨ ਵਿੱਚ ਆਪਣੀ ਸੇਵਾਵਾਂ ਦੇ ਚੁੱਕੇ ਹਨ।
ਹਾਲਾਂਕਿ ਹਾਵੜਾ ਪੁਲਿਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜਾਣਬੁੱਝ ਕੇ ਪੱਗ ਖਿੱਚਣ ਦਾ ਕੋਈ ਇਰਾਦਾ ਨਹੀਂ ਸੀ। ਪਰ ਪੁਲਿਸ ਦੇ ਨਾਲ ਬਲਵਿੰਦਰ ਸਿੰਘ ਦੀ ਝੜਪ ਦਾ ਸ਼ੁੱਕਰਵਾਰ ਨੂੰ ਇੱਕ ਵੀਡੀਓ ਵਾਇਰਲ ਹੋ ਗਿਆ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਉਨ੍ਹਾਂ ਦੀ ਪੱਗ ਖਿੱਚੀ ਗਈ ਤੇ ਉਨ੍ਹਾਂ ਦੇ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਵੀ ਪੁਲਿਸ ਉਨ੍ਹਾਂ ਨੂੰ ਕੁੱਟਦੀ ਰਹੀ। ਇਸ ਤੋਂ ਬਾਅਦ ਹੰਗਾਮਾ ਹੋ ਗਿਆ।