ਨਵੀਂ ਦਿੱਲੀ: ਸੈਂਟ੍ਰਲ ਦਿੱਲੀ ਵਿੱਚ ਇੱਕ 35 ਸਾਲਾ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਵਿੱਚ ਪੁਲਿਸ ਨੂੰ ਫ਼ੋਨ ਕਰ ਪ੍ਰਧਾਨ ਮੰਤਰੀ ਮੋਦੀ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਹੈ। ਜਿਵੇਂ ਹੀ ਪੁਲਿਸ ਨੂੰ ਇਹ ਧਮਕੀ ਮਿਲੀ, ਤੁਰੰਤ ਪੁਲਿਸ ਟੀਮ ਹਰਕਤ ਵਿੱਚ ਆ ਗਈ ਅਤੇ ਉਸ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਕੁਝ ਹੀ ਦੇਰ ਵਿੱਚ ਪੁਲਿਸ ਨੇ ਫੜਿਆ ਵਿਅਕਤੀ
ਹਾਲਾਂਕਿ, ਪੁਲਿਸ ਟੀਮ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਅਤੇ ਕੁਝ ਸਮੇਂ ਵਿੱਚ ਪੁਲਿਸ ਨੇ ਉਸ ਵਿਅਕਤੀ ਦਾ ਪਤਾ ਲਗਾ ਲਿਆ ਅਤੇ ਉਸ ਨੂੰ ਫੜ ਲਿਆ। ਜਦੋਂ ਪੁਲਿਸ ਨੇ ਉਸ ਨੂੰ ਫੜਿਆ ਤਾਂ ਉਹ ਪੂਰੀ ਤਰ੍ਹਾਂ ਨਸ਼ੇ ਵਿੱਚ ਧੁੱਤ ਸੀ। ਉਹ ਕੁਝ ਵੀ ਬੋਲਣ ਦੀ ਸਥਿਤੀ ਵਿੱਚ ਨਹੀਂ ਸੀ। ਇਸ ਦੇ ਮੱਦੇਨਜ਼ਰ ਪੁਲਿਸ ਉਸ ਨੂੰ ਮੈਡੀਕਲ ਲਈ ਹਸਪਤਾਲ ਲੈ ਗਈ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਸੁਪਾਰੀ ਲੈਣ ਵਾਲੇ ਨੂੰ 30 ਕਰੋੜ ਦੇਣ ਦੀ ਆਖੀ ਗੱਲ
ਡੀਸੀਪੀ ਇੰਗਿਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ 35 ਸਾਲਾ ਪਿੰਟੂ ਸਿੰਘ ਵਜੋਂ ਹੋਈ ਹੈ ਜੋ ਕਿ ਕਾਰਪੇਂਟਰ ਦਾ ਕੰਮ ਕਰਦਾ ਹੈ ਅਤੇ ਸਾਗਰਪੁਰ ਖੇਤਰ ਦੇ ਕੈਲਾਸ਼ ਪੁਰੀ ਵਿੱਚ ਰਹਿੰਦਾ ਹੈ। ਉਸਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਅਕਸਰ ਨਸ਼ੇ ਵਿੱਚ ਧੁੱਤ ਰਹਿੰਦਾ ਹੈ। ਨਸ਼ੇ ਵਿੱਚ ਹੀ ਉਸਨੇ ਅਚਾਨਕ ਪੁਲਿਸ ਨੂੰ ਫ਼ੋਨ ਕਰ ਪ੍ਰਧਾਨ ਮੰਤਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇੰਨਾ ਹੀ ਨਹੀਂ, ਉਸ ਨੇ ਪ੍ਰਧਾਨ ਮੰਤਰੀ ਨੂੰ ਮਾਰਨ ਲਈ ਸੁਪਾਰੀ ਲੈਣ ਵਾਲਿਆਂ ਨੂੰ 30 ਕਰੋੜ ਰੁਪਏ ਦੇਣ ਦੀ ਗੱਲ ਵੀ ਕੀਤੀ।
ਰਾਮ ਮਨੋਹਰ ਲੋਹੀਆ ਵਿੱਚ ਮਨੋਵਿਗਿਆਨਕ ਦੇ ਕੋਲ ਚੱਲ ਰਿਹਾ ਇਲਾਜ
ਪੁਲਿਸ ਸੂਤਰਾਂ ਮੁਤਾਬਕ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਇੱਕ ਮਨੋਵਿਗਿਆਨਕ ਦੇ ਕੋਲ ਉਸਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਉਹ ਵਿਆਹਿਆ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਸ਼ਰਾਬ ਦਾ ਆਦੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।