ਧਾਰ : ਮੱਧ ਪ੍ਰਦੇਸ਼ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਧਨਮੋਦ ਦੇ ਵਿੱਚ 12ਵੀਂ ਜਮਾਤ ਦੀ ਬੋਰਡ ਪ੍ਰਿਖਿਆ ਦੌਰਾਨ ਸਿੱਖ ਵਿਦਿਆਰਥੀ ਨੂੰ ਚੈਕਿੰਗ ਦੌਰਾਨ ਪੱਗ ਲਹਾਉਣ ਲਈ ਮਜ਼ਬੂਰ ਕੀਤਾ ਗਿਆ ਹੈ । ਇਸ ਦੀ ਸ਼ਿਕਾਇਤ ਪੀੜਤ ਵਿਦਿਆਰਥੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਕੀਤੀ ਗਈ ਹੈ।
ਪੀੜਤ ਵਿਦਆਰਥੀ ਨੇ ਜ਼ਿਲ੍ਹਾ ਅਧਿਕਾਰੀਆਂ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ " ਮੈਂ ਧਨਮੋਦ ਦੇ ਹਾਇਰ ਸੈਕੰਡਰੀ ਸਕੂਲ ਵਿੱਚ ਆਪਣੇ 12ਵੀਂ ਜਮਾਤ ਦੇ ਇਮਤਿਹਾਨ ਦੇ ਰਿਹਾ ਹਾਂ ਅਤੇ ਪ੍ਰੀਖਿਆ ਹਾਲ ਵਿੱਚ ਦਾਖ਼ਲ ਹੋਣ ਲੱਗੇ ਮੈਨੂੰ ਮੇਰੀ ਪੱਗ ਉਤਾਰਨ ਲਈ ਕਿਹਾ ਗਿਆ। ਮੈਂ ਇਸ ਗੱਲ ਦਾ ਵਿਰੋਧ ਕੀਤਾ ਅਤੇ ਕੇਂਦਰ ਦੇ ਮੁੱਖੀ ਕੋਲ ਇਸ ਦੀ ਸ਼ਿਕਾਇਤ ਵੀ ਕੀਤੀ ਪਰ ਮੈਨੂੰ ਕਿਹਾ ਗਿਆ ਕਿ ਇਹ ਮੱਧ ਪ੍ਰਦੇਸ਼ ਸਿੱਖਿਆ ਬੋਰਡ ਦੀ ਨਿਧਾਰਤ ਇਮਤਿਹਾਨ ਪ੍ਰਕਿਰਿਆ ਦਾ ਹਿੱਸਾ ਹੈ।
ਇਸ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਧਾਰ ਨੇ ਖ਼ਬਰ ਏਜੰਸੀਆਂ ਨੂੰ ਕਿਹਾ ਕਿ "ਪ੍ਰੀਖਿਆ ਦੌਰਾਨ ਸਖ਼ਤ ਚੈਕਿੰਗ ਦੇ ਹੁਕਮ ਹਨ। ਜੇ ਇਸ ਤਰ੍ਹਾਂ ਕਰਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਤਾਂ ਇਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।"