ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਭਗਵਾਨ ਰਾਮ ਸਾਰਿਆਂ ਦੇ ਹਨ, ਉਹ ਸਿਰਫ ਭਾਰਤੀ ਜਨਤਾ ਪਾਰਟੀ ਦੇ ਨਹੀਂ ਹਨ।
ਮੰਗਲਵਾਰ ਨੂੰ ਆਪਣੇ ਜੱਦੀ ਪਿੰਡ ਸੈਫਈ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਭਗਵਾਨ ਰਾਮ ਸਭ ਦੇ ਹਨ, ਭਗਵਾਨ ਕ੍ਰਿਸ਼ਨ ਸਭ ਦੇ ਹਨ। ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਭਗਵਾਨ ਵਿਸ਼ਨੂੰ ਦੇ ਅਵਤਾਰ ਸਨ, ਜੋ ਸਾਰਿਆਂ ਦੇ ਹਨ।"
ਉਨ੍ਹਾਂ ਅੱਗੇ ਕਿਹਾ, "ਅਸੀਂ ਸਾਰੇ ਨਵਰਾਤਰੇ ਦੇ ਤਿਉਹਾਰ ਦੌਰਾਨ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਾਂ, ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਾਂ। ਹੁਣ ਮੈਨੂੰ ਦੱਸੋ ਕਿ ਕੀ ਇਹ ਦੇਵੀਆਂ ਵੀ ਭਾਜਪਾ ਦੀਆਂ ਹਨ?"
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਨੇ ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਯੋਗੀ ਆਦਿੱਤਿਆਨਾਥ ਸਰਕਾਰ 'ਤੇ ਹਮਲਾ ਬੋਲਿਆ। ਇੱਥੇ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ, “ਭਾਜਪਾ ਕੇਵਲ ਭਗਵਾਨ ਰਾਮ ਦੇ ਨਾਂਅ 'ਤੇ ਰਾਜਨੀਤੀ ਕਰ ਰਹੀ ਹੈ ਅਤੇ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਘੱਟ ਪਰਵਾਹ ਕਰਦੀ ਹੈ। ਰਾਜ ਵਿੱਚ ਮਹਿਲਾਵਾਂ ਵਿਰੁੱਧ ਅਪਰਾਧ ਸਿਖਰ ‘ਤੇ ਹਨ। ਲਖੀਮਪੁਰ ਖੀਰੀ ਵਿੱਚ ਬਲਾਤਕਾਰ ਤੋਂ ਬਾਅਦ ਇੱਕ ਨਾਬਾਲਗ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।"
ਉਨ੍ਹਾਂ ਸਵਾਲ ਕੀਤਾ, "ਭਾਜਪਾ ਸਰਕਾਰ ਬਲਾਤਕਾਰ, ਅਗਵਾ ਅਤੇ ਕਤਲ ਦੇ ਮਾਮਲਿਆਂ ਵਿੱਚ ਮੁਲਜ਼ਮਾਂ ਦੀ ਸੁਰੱਖਿਆ ਕਿਉਂ ਕਰ ਰਹੀ ਹੈ?"
ਅਖਿਲੇਸ਼ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਵਿਕਾਸ ਅਤੇ ਤਰੱਕੀ ਦੇ ਨਾਂਅ ‘ਤੇ ਵੋਟਾਂ ਮੰਗਦੀ ਰਹੇਗੀ।