ਪਟਨਾ ਸਾਹਿਬ: ਪੰਜਾਬ ਵਾਂਗ ਬਿਹਾਰ 'ਚ ਵੀ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪਟਨਾ ਸਾਹਿਬ ਦੇ ਗੁਰਦੁਆਰਾ ਬਾਲ ਲੀਲਾ ਸਾਹਿਬ 'ਚ ਵੱਡੀ ਗਿਣਤੀ 'ਚ ਸੰਗਤ ਸ਼ਾਮਲ ਹੋਈ। ਉਨ੍ਹਾਂ ਨੇ ਪਰੰਪਰਾ ਅਨੁਸਾਰ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰਕੇ ਲੋਹੜੀ ਬਾਲ੍ਹੀ ਤੇ ਉਸ 'ਚ ਘਿਉ, ਗੁੜ, ਮੂੰਗਫਲੀ ਤੇ ਤਿੱਲ ਸੁੱਟ ਕੇ ਤਿਉਹਾਰ ਮਨਾਇਆ। ਇਸ ਮੌਕੇ ਲੋਕਾਂ ਨੇ ਗਿੱਧਾ ਵੀ ਪਾਇਆ ਤੇ ਵੱਖ-ਵੱਖ ਤਰ੍ਹਾਂ ਦੀਆਂ ਬੋਲੀਆਂ ਪਾਈਆਂ।
ਲੋਹੜੀ ਦੇ ਸਮਾਗਮ 'ਚ ਸ਼ਾਮਲ ਹੋਏ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਰ ਸਾਲ ਇਸੇ ਤਰ੍ਹਾਂ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਲੋਹੜੀ ਮੌਕੇ ਦਿਨ ਵੇਲੇ ਉਹ ਪਤੰਗਬਾਜ਼ੀ ਕਰਦੇ ਹਨ। ਜਿਨ੍ਹਾਂ ਪਰਿਵਾਰਾਂ 'ਚ ਨਵੀਂ ਵਹੁਟੀ ਆਉਂਦੀ ਹੈ ਜਾਂ ਬੱਚੇ ਦਾ ਜਨਮ ਹੁੰਦਾ ਹੈ, ਉਸ ਘਰ ਲਈ ਲੋਹੜੀ ਹੋਰ ਵੀ ਖਾਸ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਲੋਹੜੀ ਹਮੇਸ਼ਾ ਹਰ ਪਰਿਵਾਰ ਲਈ ਖੁਸ਼ੀਆਂ ਲੈ ਕੇ ਤੇ ਦੇਸ਼ ਖੁਸ਼ਹਾਲ ਬਣਿਆ ਰਹੇ।