ਨਵੀਂ ਦਿੱਲੀ: ਸ਼ਿਵ ਸੈਨਾ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਨਰਿੰਦਰ ਮੋਦੀ-ਸਰਕਾਰ ਵਲੋਂ ਸਹੀ ਪ੍ਰਬੰਧ ਨਾ ਹੋਣ ਕਾਰਨ ਭਾਰਤ ਦੇ ਅਰਥਚਾਰੇ ਦੀ ਹਾਲਤ ਮਾੜੀ ਹੋ ਚੁੱਕੀ ਹੈ ਅਤੇ ਪੀਐਮ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਗੱਲ ਸੁਣਨ ਲਈ ਕਿਹਾ ਹੈ।
ਕੇਂਦਰ ਸਰਕਾਰ ਵੱਲੋਂ ਮਨਮੋਹਨ ਸਿੰਘ ਦੀਆਂ ਆਲੋਚਨਾਵਾਂ ਨੂੰ ਖਾਰਜ ਕਰਨ ਉੱਤੇ ਸ਼ਿਵ ਸੈਨਾ ਨੇ ਡਾ. ਮਨਮੋਹਨ ਸਿੰਘ ਦਾ ਉੱਘੇ ਅਰਥ ਸ਼ਾਸਤਰੀ ਵਜੋਂ ਸਮਰਥਨ ਕੀਤਾ ਹੈ। ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਵਿੱਚ ਮੋਦੀ ਸਰਕਾਰ ਨੂੰ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦੀ ਚੇਤਾਵਨੀ ਵੱਲ ਧਿਆਨ ਦੇਣ ਅਤੇ ਇਸ ਮੁੱਦੇ ‘ਤੇ ਰਾਜਨੀਤੀ ਨੂੰ ਸ਼ਾਮਲ ਨਾ ਕਰਨ।
ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਬੀਤੇ ਕੁੱਝ ਦਿਨ ਪਹਿਲਾ ਦੇਸ਼ ਦੀ ਅਰਥ ਵਿਵਸਥਾ ਦੀ ਸਥਿਤੀ 'ਤੇ ਬੋਲਦਿਆਂ ਕਿਹਾ ਹੈ ਕਿ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਤਿਮਾਹੀ ਦੀ ਜੀਡੀਪੀ ਵਿਕਾਸ ਦਰ 5 ਫ਼ੀਸਦੀ ਦਰਸਾਉਂਦੀ ਹੈ ਕਿ ਅਰਥ ਵਿਵਸਥਾ ਲੰਮੇ ਸਮੇਂ ਤੋਂ ਮੰਦੀ ਦੀ ਮਾਰ ਝੱਲ ਰਹੀ ਹੈ। ਭਾਰਤ ਦਾ ਵਿਕਾਸ ਦਰ ਤੇਜ਼ ਹੋਣ ਦੀ ਸੰਭਾਵਨਾ ਹੈ ਪਰ ਮੋਦੀ ਸਰਕਾਰ ਦੇ ਸਹੀ ਤਰੀਕੇ ਦੀ ਕਾਰਗੁਜ਼ਾਰੀ ਨਾ ਹੋਣ ਕਾਰਨ ਮੰਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਨਿਰਮਾਣ ਖੇਤਰ ਦੀ ਵਿਕਾਸ ਦਰ 0.6% ਦੇ ਪੱਧਰ 'ਤੇ ਪਹੁੰਚ ਰਹੀ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਨੂੰ ਇਕ ਪਾਸੇ ਕਰ ਕੇ ਆਰਥਿਕਤਾ ਨੂੰ ਸੰਕਟ ਤੋਂ ਬਾਹਰ ਕੱਢਿਆ ਜਾਵੇ।
ਹਾਲਾਂਕਿ, ਸਰਕਾਰ ਨੇ ਮੰਗਲਵਾਰ ਨੂੰ ਮਨਮੋਹਨ ਸਿੰਘ ਵਲੋਂ ਦਿੱਤੀ ਚੇਤਾਵਨੀ ਤੇ ਆਲੋਚਨਾ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਵਿਸ਼ਲੇਸ਼ਣਾਂ ਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਭਾਰਤ ਉਨ੍ਹਾਂ ਦੇ ਸਮੇਂ ਦੇ ਦੌਰਾਨ 11ਵੀਂ ਤੋਂ ਵਿਸ਼ਵ ਦੀ 5 ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ।
ਇਹ ਵੀ ਪੜ੍ਹੋ: ਬਟਾਲਾ ਧਮਾਕਾ: ਬਚਾਅ ਕਾਰਜ ਜਾਰੀ, ਜਾਇਜ਼ਾ ਲੈਣ ਜਾਣਗੇ ਮੁੱਖ ਮੰਤਰੀ
ਸਾਮਨਾ ਨੇ ਵਿੱਚ ਕਿਹਾ ਗਿਆ ਕਿ, 'ਆਰਥਿਕਤਾ ਸੁਸਤ ਹੈ। ਕਸ਼ਮੀਰ ਅਤੇ ਆਰਥਿਕ ਤਣਾਅ ਦੋ ਵੱਖਰੇ ਮੁੱਦੇ ਹਨ। ਮਨਮੋਹਨ ਸਿੰਘ ਵਰਗੇ ਵਿਦਵਾਨ ਵਿਅਕਤੀ ਨਾਲ ਆਰਥਿਕ ਮੰਦੀ ਨੂੰ ਲੈ ਕੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਤੇ ਆਰਥਿਕਤਾ ਨੂੰ ਸੁਧਾਰਨ ਲਈ ਮਾਹਿਰਾਂ ਦੀ ਭੂਮਿਕਾ ਹੋਣੀ ਚਾਹੀਦੀ ਹੈ। ਮਨਮੋਹਨ ਸਿੰਘ ਦੀ ਸਲਾਹ ਨੂੰ ਸੁਣਨਾ ਰਾਸ਼ਟਰੀ ਹਿੱਤ ਦੀ ਗੱਲ ਹੈ।' ਅੱਗੇ ਸ਼ਿਵਸੈਨਾ ਨੇ ਕਿਹਾ ਕਿ ਮਨਮੋਹਨ ਸਿੰਘ ਕੋਲ ਅਰਥ ਵਿਵਸਥਾ ਬਾਰੇ ਬੋਲਣ ਦਾ 'ਅਧਿਕਾਰ' ਹੈ, ਕਿਉਂਕਿ ਉਹ 35 ਸਾਲਾਂ ਤੋਂ ਭਾਰਤੀ ਵਿੱਤ ਤੇ ਅਰਥ ਵਿਵਸਥਾ ਨਾਲ ਜੁੜੇ ਹਨ।