ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਉਮੀਦਵਾਰਾਂ ਦੀ ਤਸਵੀਰ ਅੱਜ ਸਾਫ਼ ਹੋ ਜਾਵੇਗੀ। ਨਾਮਜ਼ਦਗੀ ਵਾਪਸ ਲੈਣ ਦਾ ਅੱਜ ਆਖ਼ਰੀ ਦਿਨ ਹੈ। ਨਾਮਜ਼ਦਗੀਆਂ ਦੁਪਹਿਰ 3 ਵਜੇ ਤੱਕ ਵਾਪਸ ਲੈ ਲਈਆਂ ਜਾਣਗੀਆਂ। ਇਸ ਦੇ ਨਾਲ ਹੀ ਨਾਰਾਜ਼ ਨੇਤਾਵਾਂ ਨੂੰ ਮਨਾਉਣ ਲਈ ਵੀ ਅੱਜ ਆਖ਼ਰੀ ਦਿਨ ਹੈ।
ਪਾਰਟੀ ਦੇ ਦਿੱਗਜ ਨੇਤਾ ਬਾਗੀ ਨੇਤਾਵਾਂ ਦੀ ਨਾਮਜ਼ਦਗੀ ਵਾਪਸ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰਨਗੇ। ਸੀਐਮ ਮਨੋਹਰ ਲਾਲ ਨੇ ਕਿਹਾ ਕਿ ਉਹ ਬਾਗੀ ਵਿਧਾਇਕਾਂ ਨੂੰ ਮਨਾ ਕੇ ਨਾਮਜ਼ਦਗੀ ਵਾਪਸੀ ਕਰਵਾਉਣ ਦਾ ਪੂਰੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ, ਕਾਂਗਰਸ ਵੀ ਇਹ ਕਹਿ ਰਹੀ ਹੈ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਨੇਤਾ ਕਿਧਰੇ ਵੀ ਨਹੀਂ ਜਾਣਗੇ।
ਇਨੈਲੋ ਨੇ ਅੰਬਾਲਾ ਵਿੱਚ ਸਾਬਕਾ ਕਾਂਗਰਸੀ ਆਗੂ ਚੌਧਰੀ ਨਿਰਮਲ ਸਿੰਘ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਅੱਜ ਇਨੈਲੋ-ਅਕਾਲੀ ਦਲ ਦੇ ਉਮੀਦਵਾਰ ਉਂਕਾਰ ਸਿੰਘ ਆਪਣੀ ਨਾਮਜ਼ਦਗੀ ਵਾਪਸ ਲੈ ਲੈਣਗੇ। ਉਂਕਾਰ ਸਿੰਘ ਨੇ ਕਿਹਾ ਕਿ ਉਹ ਇਨੈਲੋ ਅਤੇ ਅਕਾਲੀ ਦਲ ਦੇ ਵਰਕਰ ਹਨ। ਉਹ ਅਕਾਲੀ ਅਤੇ ਇਨੈਲੋ ਦੇ ਆਦੇਸ਼ਾਂ ‘ਤੇ ਚੋਣ ਮੈਦਾਨ ਵਿੱਚ ਉਤਰੇ ਸਨ ਅਤੇ ਅੱਜ ਹਾਈਕਮਾਨ ਦੇ ਆਦੇਸ਼ ‘ਤੇ ਹੀ ਆਪਣੀ ਨਾਮਜ਼ਦਗੀ ਵਾਪਸ ਲੈਣਗੇ।
ਇਹ ਵੀ ਪੜ੍ਹੋ:ਹਰਿਆਣਾ ਵਿਧਾਨ ਸਭਾ ਚੋਣਾਂ 2019: ਪ੍ਰਧਾਨ ਮੰਤਰੀ ਮੋਦੀ ਕਰਨਗੇ 4 ਰੈਲੀਆਂ
ਕੁੱਲ 1846 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
ਦੱਸ ਦੇਈਏ ਕਿ 4 ਅਕਤੂਬਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖ਼ਰੀ ਤਰੀਕ ਸੀ। ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 5 ਦਿਨ ਚੱਲੀ ਨਾਮਜ਼ਦਗੀ ਪ੍ਰਕਿਰਿਆ ਵਿੱਚ ਕੁੱਲ 1846 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਸਨ। ਇਸ ਵਾਰ ਉਮੀਦਵਾਰਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 1351 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿਚੋਂ 1235 ਪੁਰਸ਼ ਅਤੇ 116 ਮਹਿਲਾ ਉਮੀਦਵਾਰ ਸਨ।
ਦੱਸਣਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਹਨ। ਇਸ ਵੇਲੇ ਇੱਥੇ ਭਾਜਪਾ ਸਰਕਾਰ ਹੈ। ਉੱਥੇ ਹੀ, ਵਿਧਾਨ ਸਭਾ ਲਈ ਵੋਟਿੰਗ 21 ਅਕਤੂਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਹੋਵੇਗੀ।