ਡੇਰਾ ਬਾਬਾ ਨਾਨਕ: ਪਿਛਲੇ ਸਾਲ ਅਗਸਤ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਆਰਾ ਕਰਤਾਰਪੁਰ ਲਾਂਘੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਦੋਹਾਂ ਦੇਸ਼ਾਂ ਵੱਲੋਂ ਲਾਂਘੇ ਦਾ ਕੰਮ ਜ਼ੋਰਾਂ 'ਤੇ ਸ਼ੁਰੂ ਹੋਇਆ ਜਿਸ ਕਾਰਨ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ ਪਰ ਇਸ 'ਤੇ ਵੀ ਸਿਆਸਤਦਾਨਾ ਨੇ ਰੱਜ ਕੇ ਸਿਆਸਤ ਕੀਤੀ, ਜਿਸ ਕਾਰਨ ਲਾਂਘੇ ਦੇ ਕੰਮ ਉਪਰ ਅਸਰ ਨਜ਼ਰ ਆਇਆ।
ਕਰਤਾਰਪੁਰ ਲਾਂਘੇ ਬਾਰੇ ਜਦ ਪਾਕਿਸਤਾਨ ਸਭ ਤੋਂ ਪਹਿਲਾਂ ਬੈਠਕ ਹੋਈ ਤਾਂ ਉਨ੍ਹਾਂ ਨੂੰ ਫੰਡ ਦੀ ਘਾਟ ਲੱਗ ਰਹੀ ਹੈ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਸਿਆਸੀ ਖੇਡ-ਖੇਡ ਰਿਹਾ ਹੈ ਅਤੇ ਜੇ ਫੰਡ ਦੀ ਘਾਟ ਹੈ ਤਾਂ ਸ਼੍ਰੋਮਣੀ ਕਮੇਟੀ ਖ਼ਰਚਾ ਦੇਣ ਨੂੰ ਤਿਆਰ ਹੈ। ਇਹ ਮਾਮਲਾ ਅਜੇ ਸੁਲਝਿਆ ਹੀ ਸੀ ਕਿ ਕਰਤਾਰਪੁਰ ਲਾਂਘੇ ਲਈ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਆਏ ਅਧਿਕਾਰੀਆਂ ਨੂੰ ਕਿਸਾਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ, ਕਿਸਾਨਾਂ ਨੇ ਮੰਗ ਰੱਖੀ ਕਿ ਜਦ ਤੱਕ ਉਨ੍ਹਾਂ ਨੂੰ ਜ਼ਮੀਨ ਦਾ ਵਾਜ਼ਬ ਮੁੱਲ ਨਹੀਂ ਮਿਲ ਜਾਂਦਾ ਉਨ੍ਹਾਂ ਸਮਾਂ ਉਹ ਜ਼ਮੀਨ 'ਤੇ ਕਿਸੇ ਵੀ ਕਿਸਮ ਦਾ ਕੰਮ ਸ਼ੁਰੂ ਨਹੀਂ ਕਰਨ ਦੇਣਗੇ।
ਆਖ਼ਰ ਕਾਰ ਕਿਸਾਨਾਂ ਦੀ ਨਾਰਾਜ਼ਗੀ ਖ਼ਤਮ ਹੋਈ ਤੇ ਕੰਮ ਸ਼ੁਰੂ ਹੋਣ ਤੋਂ ਬਾਅਦ ਕਰਤਾਰਪੁਰ ਲਾਂਘੇ ਦੇ ਕੰਮ ਵਿੱਚ ਇਤਿਹਾਸਿਕ ਮੰਦਿਰ ਤੇ ਪੀਰ ਬਾਬੇ ਦੀ ਦਰਗਾਹ ਆਉਣ ਕਾਰਨ ਕੰਮ ਰੁਕ ਗਿਆ ਸੀ। ਕਰਤਾਰਪੁਰ ਲਾਂਘੇ ਦੀ ਜੋ ਮੇਨ ਸੜਕ ਬਣ ਰਹੀ ਸੀ, ਉਸ ਵਿਚਾਲੇ ਇਹ ਦੋਵੇਂ ਥਾਵਾਂ ਆ ਰਹੀਆਂ ਸਨ ਜਿਸ ਕਰਕੇ 100-100 ਮੀਟਰ ਤੱਕ ਸੜਕ ਬਣਨ ਦਾ ਕੰਮ ਰੁੱਕ ਗਿਆ ਅਤੇ ਬਾਅਦ ਵਿਚ ਮੰਦਰ ਦੇ ਟ੍ਰਸਟ ਨਾਲ ਗੱਲ ਬਾਤ ਤੋਂ ਬਾਅਦ ਮੰਦਰ ਨੇ ਕੰਧ ਤੱਕ ਦੀ ਜ਼ਮੀਨ ਦੇਣ ਦੀ ਮੰਨਜ਼ੂਰੀ ਦੇ ਦਿੱਤੀ।
ਨਵੀਂ ਅੱਪਡੇਟ ਇਹ ਹੈ ਕਿ ਕਰਤਾਰਪੁਰ ਲਾਂਘੇ ਦੇ ਕੰਮ ਵਿਚ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਨੇ ਸੜਕਾਂ ਚੌੜੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਚੌਕ ਕਾਹਲਾਂਵਲੀ ਤੋਂ ਲੈਕੇ ਡੇਰਾ ਬਾਬਾ ਨਾਨਕ, ਡੇਰਾ ਬਾਬਾ ਨਾਨਕ ਤੋਂ ਲੈਕੇ ਫ਼ਤਿਹਗੜ ਚੂੜੀਆਂ ਚੌਕ ਤੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਰਾਮਦਾਸ ਰੋਡ ਉਤੇ ਪਿੰਡ ਠੇਠਰਕੇ ਦੀ ਪੁਲੀ ਤੱਕ ਸੜਕ ਨੂੰ ਚੌੜਾ ਕਰਨ ਦਾ ਕਾਰਜ ਸ਼ੁਰੂ ਹੋ ਗਿਆ ਹੈ।