ਕੋਲਕਾਤਾ: ਭਾਜਪਾ ਦੀ ਰੈਲੀ ਦੌਰਾਨ ਪੁਲਿਸ ਨਾਲ ਹੋਈ ਝੜਪ ਵਿੱਚ ਬਲਵਿੰਦਰ ਸਿੰਘ ਦੀ ਲੱਥੀ ਪੱਗ ਦਾ ਮਾਮਲਾ ਲਗਾਤਾਰ ਜਾਰੀ ਹੈ। ਬਲਵਿੰਦਰ ਸਿੰਘ ਦਾ ਪਰਿਵਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬਲਵਿੰਦਰ ਸਿੰਘ ਦੇ ਪਰਿਵਾਰ ਨਾਲ ਸਨੇਹ ਜਤਾਉਂਦੇ ਹੋਏ ਬਲਵਿੰਦਰ ਦੀ ਪਤਨੀ ਕਰਮਜੀਤ ਕੌਰ ਨੂੰ ਸੂਟ, ਪੁੱਤਰ ਲਈ ਕੁੜਤਾ ਪਜਾਮਾ ਅਤੇ ਪਰਿਵਾਰ ਲਈ ਸ਼ਾਲ ਭੇਜੇ ਸਨ। ਹੁਣ ਕਰਮਜੀਤ ਕੌਰ ਨੇ ਵੀ ਮਮਤਾ ਬੈਨਰਜੀ ਨੂੰ ਤੋਹਫ਼ੇ ਵਜੋਂ ਪੱਗ ਭੇਟ ਕਰਨ ਦਾ ਮੰਨ ਬਣਾਇਆ ਹੈ।
ਕਰਮਜੀਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਉਸ ਨੇ ਨਬੰਨਾ ਦੇ ਸਾਹਮਣੇ ਭੁੱਖ ਹੜਤਾਲ ਦੀ ਚਿਤਾਵਨੀ ਵੀ ਦਿੱਤੀ ਜੇਕਰ ਉਸ ਨੂੰ ਮੁੱਖ ਮੰਤਰੀ ਨੂੰ ਮਿਲਣ ਦੀ ਆਗਿਆ ਨਾ ਦਿੱਤੀ ਗਈ। ਬਾਅਦ ਵਿੱਚ ਕੱਲ੍ਹ ਸਿੱਖ ਭਾਈਚਾਰੇ ਨਾਲ ਸੂਬਾ ਪੁਲਿਸ ਦੇ ਡੀਜੀ ਸਣੇ ਉੱਚ ਪੁਲਿਸ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, “ਬਲਵਿੰਦਰ ਦੀ ਪਤਨੀ ਕਰਮਜੀਤ ਪ੍ਰਸ਼ਾਸਨ ਦੇ ਭਰੋਸੇ ਤੋਂ ਖੁਸ਼ ਹੈ। ਮਮਤਾ ਬੈਨਰਜੀ ਨੇ ਹਾਲ ਹੀ ਵਿੱਚ ਬਲਵਿੰਦਰ ਦੀ ਪਤਨੀ ਨੂੰ ਇੱਕ ਤੋਹਫ਼ੇ ਵਜੋਂ ਇੱਕ ਸ਼ਾਲ ਅਤੇ ਸੂਟ ਭੇਜਿਆ ਸੀ। ਅਸੀਂ ਮੁੱਖ ਮੰਤਰੀ ਦੇ ਸ਼ਿਸ਼ਟਾਚਾਰ ਤੋਂ ਖੁਸ਼ ਹਾਂ।"