ਕਾਨਪੁਰ: ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ਼.) ਨੇ ਮੁਠਭੇੜ ਵਿੱਚ ਮਾਰੇ ਗਏ ਗੈਂਗਸਟਰ ਵਿਕਾਸ ਦੂਬੇ ਦੇ ਇੱਕ ਹੋਰ ਸਹਿਯੋਗੀ ਨੂੰ ਦਬੋਚ ਲਿਆ ਹੈ। ਦੂਬੇ ਦੇ ਇਸ ਸਹਿਯੋਗੀ ਨੇ 3 ਜੁਲਾਈ ਨੂੰ ਬਿਕਰੂ ਪਿੰਡ ਵਿੱਚ ਪੁਲਿਸ ਉਪਰ ਗੋਲੀਆਂ ਚਲਾਈਆਂ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ।
ਐਸ.ਟੀ.ਐਫ. ਦੇ ਏ.ਐਸ.ਪੀ. ਵਿਸ਼ਾਲ ਵਿਕਰਮ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਯਾਦਵ ਦੇ ਸਿਰ 50,000 ਰੁਪਏ ਦਾ ਇਨਾਮ ਸੀ। ਮਾਮਲੇ 'ਚ ਫੜ੍ਹੇ ਗਏ ਲੋਕਾਂ ਦੇ ਬਿਆਨਾਂ ਅਤੇ ਇਲੈਕਟ੍ਰਾਨਿਕ ਤੱਥਾਂ ਦੇ ਆਧਾਰ 'ਤੇ ਉਹ ਹਮਲੇ ਦੌਰਾਨ ਉੱਥੇ ਹਾਜ਼ਰ ਸੀ।
ਏ.ਐਸ.ਪੀ. ਨੇ ਕਿਹਾ, ''ਯਾਦਵ ਮਦਾਰੀਪੁਰਖਾ ਪਿੰਡ ਦਾ ਪ੍ਰਧਾਨ ਹੈ ਅਤੇ ਇੱਕ ਡਬਲ ਬੈਰਲ ਬੰਦੂਕ ਦਾ ਮਾਲਕ ਹੈ, ਜਿਸ ਦੀ ਵਰਤੋਂ ਬਿਕਰੂ ਹਮਲੇ ਵਿੱਚ ਕੀਤੀ ਗਈ ਸੀ।' ਰਾਮ ਸਿੰਘ ਯਾਦਵ ਨੂੰ ਐਤਵਾਰ ਰਾਤ ਕਾਨਪੁਰ ਦਿਹਾਤੀ ਦੇ ਅਕਬਰਪੁਰ ਥਾਣੇ ਨੇੜੇ ਇੱਕ ਕਲਿਨਿਕ ਨੇੜੇ ਗ੍ਰਿਫ਼ਤਾਰ ਕੀਤਾ ਗਿਆ।
ਐਸ.ਟੀ.ਐਫ. ਦੇ ਅਧਿਕਾਰੀ ਨੇ ਦੱਸਿਆ ਕਿ ਯਾਦਵ ਕਾਨਪੁਰ ਦਿਹਾਤੀ ਵਿੱਚ ਇੱਕ ਰਿਸ਼ਤੇਦਾਰ ਕੋਲ ਲੁਕਿਆ ਹੋਇਆ ਸੀ, ਉਸ ਨੂੰ ਸ਼ੱਕ ਸੀ ਕਿ ਪੁਲਿਸ ਛਾਪਾ ਮਾਰੇਗੀ, ਇਸ ਲਈ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ।
ਪੁਲਿਸ ਟੀਮ 'ਤੇ ਹਮਲਾ ਕਰਨ ਲਈ ਉਸ ਵੱਲੋਂ ਵਰਤੀ ਗਈ ਡਬਲ ਬੈਰਲ ਬੰਦੂਕ ਨੂੰ ਕਾਨਪੁਰ ਪੁਲਿਸ ਨੇ ਪਹਿਲਾਂ ਹੀ ਜ਼ਬਤ ਕਰ ਲਿਆ ਸੀ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਕਤਲੇਆਮ ਦੀ ਰਾਤ ਯਾਦਵ ਨੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ।
ਇਸ ਮਾਮਲੇ ਵਿੱਚ ਹੁਣ ਤੱਕ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਿਆ ਹੈ, ਜਦਕਿ ਦੂਬੇ ਸਮੇਤ 6 ਜਣੇ ਵੱਖ-ਵੱਖ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਹਨ।