ਮੁੰਬਈ: ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੰਗਲਵਾਰ ਨੂੰ ਕਿਹਾ ਕਿ ਪੁਲਿਸ ਕੰਗਨਾ ਰਣੌਤ ਵੱਲੋਂ ਕਥਿਤ ਤੌਰ 'ਤੇ ਡਰੱਗਜ਼ ਲੈਣ ਦੇ ਮਾਮਲੇ ਦੀ ਜਾਂਚ ਕਰੇਗੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ 2 ਵਿਧਾਇਕਾਂ ਨੇ ਕੰਗਨਾ ਦੇ ਐਕਸ ਬੁਆਏਫ੍ਰੈਂਡ ਅਧਿਅਨ ਸੁਮਨ ਵੱਲੋਂ ਲਾਏ ਦੋਸ਼ਾਂ ਦਾ ਹਵਾਲਾ ਦਿੰਦਿਆਂ ਵਿਧਾਨ ਸਭਾ ਵਿੱਚ ਬੇਨਤੀ ਕੀਤੀ ਸੀ ਕਿ ਡਰੱਗਜ਼ ਮਾਮਲੇ ਵਿੱਚ ਕੰਗਨਾ ਦੀ ਜਾਂਚ ਕੀਤੀ ਜਾਵੇ।
ਇੱਕ ਇੰਟਰਵਿਊ ਦੌਰਾਨ ਅਧਿਅਨ ਸੁਮਨ ਨੇ ਕਿਹਾ ਸੀ ਕਿ ਕੰਗਨਾ ਡਰੱਗਜ਼ ਦਾ ਸੇਵਨ ਕਰਦੀ ਹੈ ਅਤੇ ਕੰਗਨਾ ਨੇ ਉਸ ਨੂੰ ਵੀ ਕਈ ਵਾਰ ਡਰੱਗਜ਼ ਲੈਣ ਲਈ ਮਜਬੂਰ ਕੀਤਾ। ਮੁੰਬਈ ਪੁਲਿਸ ਦਾ ਐਂਟੀ ਨਾਰਕੋਟਿਕਸ ਸੈੱਲ ਇਨ੍ਹਾਂ ਦੋਸ਼ਾਂ ਦੀ ਜਾਂਚ ਕਰੇਗਾ। ਅਧਿਅਨ ਸੁਮਨ ਨੂੰ ਪੁੱਛਗਿੱਛ ਲਈ ਪਹਿਲਾਂ ਬੁਲਾਇਆ ਜਾਵੇਗਾ।
ਦੂਜੇ ਪਾਸੇ ਐਨਸੀਬੀ ਵੱਲੋਂ 3 ਦਿਨ ਲਗਾਤਾਰ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਅਦਾਕਾਰਾ ਰਿਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਰਿਆ ਦੇ ਭਰਾ ਸ਼ੋਵਿਕ ਅਤੇ ਸੁਸ਼ਾਂਤ ਦੇ ਮੈਨੇਜਰ ਸੈਮੁਅਲ ਮਿਰਾਂਡਾ ਨੂੰ ਵੀ ਡਰੱਗਜ਼ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।