ਨਵੀਂ ਦਿੱਲੀ: ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੂੰ ਮਦਰਾਸ ਹਾਈ ਕੋਰਟ ਨੇ ਸੋਮਵਾਰ ਨੂੰ ਅਗਾਊਂ ਜ਼ਮਾਨਤ ਦਿੱਤੀ ਹੈ। ਕਮਲ ਹਾਸਨ ਨੂੰ ਹਾਈ ਕੋਰਟ ਨੇ ‘ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ (ਨਾਥੂਰਾਮ ਗੌਡਸੇ) ਇੱਕ ਹਿੰਦੂ ਸੀ।’ ਦੇ ਬਿਆਨ ਨੂੰ ਲੈ ਕੇ ਝਾੜ ਪਾਈ ਹੈ।
ਕਮਲ ਹਾਸਨ ਨੂੰ ਝਾੜ ਪਾਉਂਦਿਆਂ ਅਦਾਲਤ ਨੇ ਅੱਜ ਕਿਹਾ ਕਿ ਅਪਰਾਧੀ ਦੀ ਪਛਾਣ ਉਸ ਦੇ ਧਰਮ, ਜਾਤ ਜਾਂ ਨਸਲ ਨਾਲ ਕਰਨਾ ਯਕੀਨੀ ਤੌਰ ਉੱਤੇ ਲੋਕਾਂ ਵਿਚਾਲੇ ਨਫ਼ਰਤ ਦੇ ਬੀਅ ਬੀਜਣਾ ਹੈ। ਇੱਕ ਚੰਗਿਆੜੀ ਨਾਲ ਰੌਸ਼ਨੀ ਵੀ ਹੋ ਸਕਦੀ ਹੈ ਪਰ ਉਸੇ ਨਾਲ ਪੂਰਾ ਜੰਗਲ਼ ਸੁਆਹ ਵੀ ਹੋ ਸਕਦਾ ਹੈ।
ਮਦੁਰਾਇ ਬੈਂਚ ਦੇ ਜਸਟਿਸ ਆਰ ਪੁਗਲੇਂਧੀ ਨੇ ਕਿਹਾ ਕਿ ਕਮਲ ਹਾਸਨ ਵੱਲੋਂ ਹਾਲੀਆ ਚੋਣ–ਰੈਲੀ ਵਿੱਚ ਕੀਤੀ ਗਈ ਵਿਵਾਦਗ੍ਰਸਤ ਟਿੱਪਣੀ ਨੂੰ ਲੈ ਕੇ ਦਰਜ ਮਾਮਲੇ ਵਿੱਚ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਜਾ ਰਹੀ ਹੈ।