ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਹੋਸਟਲ ਮੈਨੂਅਲ ਅਤੇ ਵਧੀ ਹੋਈ ਫ਼ੀਸ ਦੇ ਫੈਸਲੇ ਨੂੰ ਵਾਪਸ ਲੈਣ ਨੂੰ ਲੈ ਕੇ ਵਿਰੋਧ ਕਰ ਰਹੇ ਵਿਦਿਆਰਥੀ ਅੱਜ ਸੰਸਦ ਤਕ ਪੈਦਲ ਮਾਰਚ ਕੱਢਣਗੇ, ਜਿਸ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸੰਸਦ ਦੇ ਨੇੜੇ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ।
ਜੇਐਨਯੂ ਵਿੱਚ ਵੀ ਵੱਡੀ ਗਿਣਤੀ 'ਚ ਸੁਰੱਖਿਆ ਬਲ ਤੈਨਾਤ ਹਨ। ਜੇਐਨਯੂ ਦੇ ਵਿਦਿਆਰਥੀਆਂ ਦੇ ਸਮਰਥਨ ਲਈ ਦਿੱਲੀ ਯੂਨਿਵਰਸਿਟੀ ਸਣੇ ਕਈ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਇਸ ਮਾਰਚ ਵਿੱਚ ਪਹੁੰਚ ਰਹੇ ਹਨ। ਦੂਜੇ ਪਾਸੇ ਵਿਦਿਆਰਥੀਆਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਐਡਮਿਨ ਬਲਾਕ 'ਤੇ ਵੀ ਕਬਜ਼ਾ ਕੀਤਾ ਹੋਇਆ ਹੈ।
ਦੱਸਣਯੋਗ ਹੈ ਕਿ ਵਿਦਿਆਰਥੀ ਹੋਸਟਲ ਮੈਨੂਅਲ ਅਤੇ ਵਧੀ ਹੋਈ ਫ਼ੀਸ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਬੀਪੀਐਲ ਵਿਦਿਆਰਥੀਆਂ ਦੀਆਂ ਫ਼ੀਸਾਂ ਅਤੇ ਹੋਸਟਲ ਮੈਨੂਅਲ 'ਚ ਕਟੌਤੀ ਕਰਨ 'ਤੇ ਵੀ ਵਿਦਿਆਰਥੀ ਸੰਤੂਸ਼ਟ ਨਹੀਂ ਹਨ ਜਿਸ ਕਾਰਨ ਉਹ ਹੋਸਟਲ ਮੈਨੂਅਲ ਅਤੇ ਵਧੀ ਹੋਈ ਫ਼ੀਸ ਨੂੰ ਪੂਰਨ ਤੌਰ 'ਤੇ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।