ਨਵੀਂ ਦਿੱਲੀ: ਗਲਵਾਨ ਘਾਟੀ 'ਤੇ ਤਣਾਅ ਦਰਮਿਆਨ ਅੱਜ ਰੂਸ-ਭਾਰਤ-ਚੀਨ ਵਿਚਕਾਰ ਗੱਲਬਾਤ ਹੋਵੇਗੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਮੰਗਲਵਾਰ ਦੁਪਹਿਰ 1:30 ਵਜੇ ਆਪਣੇ ਚੀਨੀ ਅਤੇ ਰੂਸੀ ਹਮਰੁਤਬਾ ਨਾਲ ਇੱਕ ਵਰਚੁਅਲ ਮੀਟਿੰਗ ਵਿੱਚ ਹਿੱਸਾ ਲੈਣਗੇ। ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਇਸ ਤਿਕੋਣੀ ਬੈਠਕ ਦੀ ਮੇਜ਼ਬਾਨੀ ਕਰਨਗੇ। ਰੂਸ ਚਾਹੁੰਦਾ ਹੈ ਕਿ ਦੋਵੇਂ ਦੇਸ਼ ਆਪਣੇ ਸਰਹੱਦੀ ਵਿਵਾਦ ਨੂੰ ਗੱਲਬਾਤ ਰਾਹੀਂ ਹੱਲ ਕਰਨ। ਇਹ ਗੱਲਬਾਤ ਉਦੋਂ ਹੋਣ ਜਾ ਰਹੀ ਹੈ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੇ ਤਿੰਨ ਦਿਨਾਂ ਦੌਰੇ 'ਤੇ ਹਨ।
ਦੱਸ ਦਈਏ ਕਿ 15 ਜੂਨ ਨੂੰ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਹੋਈ ਸੀ ਜਿਸ ਵਿਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ। 45 ਸਾਲਾਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਸਭ ਤੋਂ ਵੱਡ ਟਕਰਾਅ ਸੀ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ 17 ਜੂਨ ਨੂੰ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨਾਲ ਇੱਕ ਟੈਲੀਫੋਨ ਗੱਲਬਾਤ ਵਿੱਚ ਕਿਹਾ ਕਿ ਇਹ ਚੀਨੀ ਸੈਨਿਕ ਦੁਆਰਾ ਪਹਿਲਾਂ ਤੋਂ ਯੋਜਨਾਬੱਧ ਕਾਰਵਾਈ ਕੀਤੀ ਗਈ ਸੀ ਅਤੇ ਦੁਵੱਲੇ ਸਬੰਧਾਂ ਉੱਤੇ ਇਸ ਦਾ ਗੰਭੀਰ ਪ੍ਰਭਾਵ ਪਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਐਸ ਜੈਸ਼ੰਕਰ ਆਰਆਈਸੀ ਦੀ ਬੈਠਕ ਵਿਚ ਸ਼ਾਮਲ ਹੋਣਗੇ।
ਆਰਆਈਸੀ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਭਾਰਤ, ਈਰਾਨ, ਅਫਗਾਨਿਸਤਾਨ ਅਤੇ ਮੱਧ ਏਸ਼ੀਆ ਨੂੰ ਯੂਰਪ ਨਾਲ ਜੋੜਨ ਵਾਲੇ 7,200 ਕਿਲੋਮੀਟਰ ਲੰਬੇ ਕੌਮਾਂਤਰੀ ਨੌਰਥ ਸਾਊਥ ਟ੍ਰਾਂਸਪੋਰਟ ਕੋਰੀਡੋਰ (ਆਈਐਨਐਸਟੀਸੀ) ਦੇ ਮਹੱਤਵਪੂਰਨ ਸੰਪਰਕ ਪ੍ਰਾਜੈਕਟਾਂ ਨੂੰ ਲਾਗੂ ਕਰਨ ਸਮੇਤ ਵਿਚਾਰ ਵਟਾਂਦਰੇ ਦੀ ਵੀ ਉਮੀਦ ਕੀਤੀ ਜਾ ਰਹੀ ਹੈ।