ਚੰਡੀਗੜ੍ਹ: ਬਲਾਤਕਾਰ ਤੇ ਕਤਲ ਦੇ ਦੋਸ਼ 'ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਤਰਫੋਂ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਰੋਲ ਲਈ ਅਰਜ਼ੀ ਦਿੱਤੀ ਗਈ ਸੀ ਜਿਸ ਨੂੰ ਨਾ-ਮਨਜ਼ੂਰ ਕਰ ਦਿੱਤਾ ਗਿਆ ਹੈ। ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਨੇ ਆਪਣੇ ਪਤੀ ਲਈ ਪੈਰੋਲ ਦੀ ਮੰਗ ਕਰਦਿਆਂ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ।
ਉਨ੍ਹਾਂ ਅਰਜ਼ੀ ਵਿੱਚ ਕਿਹਾ ਹੈ ਕਿ ਰਾਮ ਰਹੀਮ ਦੀ 85 ਸਾਲਾ ਮਾਂ ਨਸੀਬ ਕੌਰ ਬੀਮਾਰ ਹੈ। ਇਸ ਲਈ ਉਨ੍ਹਾਂ ਨੂੰ ਪੈਰੋਲ 'ਤੇ ਬਾਹਰ ਆਉਣ ਦਿੱਤਾ ਜਾਵੇ। ਹਰਜੀਤ ਕੌਰ ਨੇ ਅਰਜ਼ੀ 'ਚ ਕਿਹਾ, "ਰਾਮ ਰਹੀਮ ਦੀ ਮਾਂ ਬਿਮਾਰ ਹੈ ਤੇ ਉਹ ਚਾਹੁੰਦੇ ਹਨ ਕਿ ਇਲਾਜ ਦੌਰਾਨ ਉਨ੍ਹਾਂ ਦਾ ਪੁਤਰ ਨਾਲ ਰਹੇ।"
ਹਾਈ ਕੋਰਟ ਨੇ ਹਰਜੀਤ ਦੀ ਪਟੀਸ਼ਨ ‘ਤੇ ਪਹਿਲੀ ਸੁਣਵਾਈ ਕੀਤੀ ਅਤੇ ਇਸ ਤੋਂ ਬਾਅਦ ਰੋਹਤਕ ਜ਼ੇਲ੍ਹ ਦੇ ਸੁਪਰਡੈਂਟ ਨੂੰ ਇਸ ਪੈਰੋਲ 'ਚ ਫੈਸਲਾ ਲੈਣ ਦੇ ਹੁਕਮ ਸੁਣਾਏ ਸਨ। ਹਾਈ ਕੋਰਟ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜੇ ਜ਼ੇਲ੍ਹ ਸੁਪਰਡੈਂਟ ਨੂੰ ਲੱਗਦਾ ਹੈ ਕਿ ਪੈਰੋਲ ਦਾ ਲਾਭ ਰਾਮ ਰਹੀਮ ਨੂੰ ਨਹੀਂ ਦਿੱਤਾ ਜਾ ਸਕਦਾ ਤਾਂ ਮਾਮਲਾ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਰਾਮ ਰਹੀਮ ਨੇ ਇੱਕ ਵਾਰ ਪਹਿਲਾ ਵੀ ਖੇਤੀਬਾੜੀ ਸਬੰਧੀ ਕੰਮ ਕਰਨ ਲਈ 42 ਦਿਨ ਦੀ ਪੈਰੋਲ ਦੀ ਮੰਗ ਕੀਤੀ ਸੀ, ਪਰ ਉਨ੍ਹਾਂ ਜਲਦ ਹੀ ਆਪਣੀ ਪੈਰੋਲ ਦੀ ਅਰਜ਼ੀ ਵਾਪਿਸ ਲੈ ਲਈ ਸੀ।