ਸ੍ਰੀਨਗਰ: ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਪਾਖਰਪੋਰਾ ਖੇਤਰ ਵਿੱਚ ਮੰਗਲਵਾਰ ਨੂੰ ਹੋਏ ਇੱਕ ਗ੍ਰੇਨੇਡ ਹਮਲੇ ਵਿੱਚ ਸੁਰੱਖਿਆ ਬਲਾਂ ਦੇ 2 ਜਵਾਨ ਅਤੇ 4 ਆਮ ਨਾਗਰਿਕ ਜ਼ਖਮੀ ਹੋਏ ਹਨ।
ਸੀਆਰਪੀਐਫ ਦੇ ਬੁਲਾਰੇ ਪੰਕਜ ਸਿੰਘ ਨੇ ਦੱਸਿਆ ਕਿ 12:30 ਵਜੇ ਦੇ ਕਰੀਬ ਅੱਤਵਾਦੀਆਂ ਨੇ ਪਾਖਰਪੋਰਾ ਬਾਜ਼ਾਰ ਵਿੱਚ ਤਾਇਨਾਤ ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਪਾਰਟੀ 'ਤੇ ਇੱਕ ਗ੍ਰੇਨੇਡ ਸੁੱਟਿਆ।
ਬੁਲਾਰੇ ਨੇ ਅੱਗੇ ਕਿਹਾ, "ਹਮਲੇ ਵਿੱਚ 181ਬੀਐਨ ਸੀਆਰਪੀਐਫ ਦੇ ਕਾਂਸਟੇਬਲ ਸੰਤੋਸ਼ ਕੁਮਾਰ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਏਐਸਆਈ ਗੁਲਾਮ ਰਸੂਲ ਉਰਫ਼ ਦਿਲਾਵਰ ਜ਼ਖ਼ਮੀ ਹੋ ਗਏ। 4 ਪੈਦਲ ਯਾਤਰੀਆਂ ਨੂੰ ਵੀ ਇਸ ਹਾਦਸੇ ਵਿੱਚ ਮਾਮੂਲੀ ਸੱਟਾਂ ਲੱਗੀਆਂ।"
ਬੁਲਾਰੇ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਾਖਰਪੋਰਾ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਡਾਕਟਰਾਂ ਅਨੁਸਾਰ, ਜ਼ਖਮੀ ਹੋਏ ਚਾਰੇ ਨਾਗਰਿਕਾਂ ਨੂੰ ਐਡਵਾਂਸ ਇਲਾਜ ਲਈ ਸ੍ਰੀਨਗਰ ਦੇ ਐਸਐਮਐਚਐਸ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੀਆਰਪੀਐਫ, ਜੰਮੂ ਕਸ਼ਮੀਰ ਪੁਲਿਸ ਅਤੇ ਭਾਰਤੀ ਫ਼ੌਜ ਦੀ ਸਾਂਝੀ ਟੀਮ ਨੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।