ਬੰਗਲੁਰੂ: ਭਾਰਤੀ ਪੁਲਾੜ ਏਜੰਸੀ (ISRO) ਨੇ ਪੁਲਾੜ 'ਚ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਇੱਕ ਰੋਬੋਟ ਨੂੰ ਪੁਲਾੜ 'ਚ ਭੇਜਣ ਦਾ ਫੈਸਲਾ ਕੀਤਾ ਹੈ। ਇਸ ਰੋਬੋਟ ਦਾ ਨਾਂਅ ਵਿਯੋਮਿਤ੍ਰਾ ਹੈ ਤੇ ਮਿਸ਼ਨ ਗਗਨਯਾਨ 'ਚ ਇਸ ਦੀ ਅਹਿਮ ਭੂਮਿਕਾ ਰਹੇਗੀ।
ਮਨੁੱਖ ਨੂੰ ਪੁਲਾੜ 'ਚ ਭੇਜਣ ਲਈ ਗਗਨਯਾਨ ਮਿਸ਼ਨ ਦੀ ਲਾਂਚਿੰਗ ਦਸੰਬਰ 2021 'ਚ ਹੋਵੇਗੀ ਪਰ ਇਸ ਤੋਂ ਪਹਿਲਾਂ ਸੁਰੱਖਿਆ ਤੇ ਤਕਨੀਕੀ ਪਹਿਲੂਆਂ ਦੀ ਜਾਂਚ ਲਈ ਇਸਰੋ ਦੋ ਮਿਸ਼ਨ ਲਾਂਚ ਕਰੇਗਾ ਤਾਂਕਿ ਮਨੁੱਖੀ ਮਿਸ਼ਨ 'ਚ ਕੋਈ ਗਲਤੀ ਨਾ ਹੋਵੇ। ਪਹਿਲਾਂ ਮਿਸ਼ਨ ਇਸ ਸਾਲ ਦਸੰਬਰ 'ਚ ਹੋਵੇਗਾ। ਇਸ ਮਿਸ਼ਨ 'ਚ ਇੱਕ ਮਹਿਲਾ ਰੋਬੋਟ ਨੂੰ ਗਗਨਯਾਨ 'ਚ ਬਿਠਾ ਕੇ ਪੁਲਾੜ 'ਚ ਭੇਜਿਆ ਜਾਵੇਗਾ।
ਮਹਿਲਾ ਰੋਬੋਟ ਵਿਯੋਮਿਤ੍ਰਾ ਬਾਰੇ ਜਾਣਕਾਰੀ ਦਿੰਦੇ ਹੋਏ ਇਸਰੋ ਦੇ ਵਿਗਿਆਨੀ ਸੈਮ ਦਿਆਲ ਨੇ ਦੱਸਿਆ ਕਿ ਇਹ half humanoid ਰੋਬੋਟ ਹੈ। ਇਸ ਰੋਬੋਟ 'ਚ ਮਨੁੱਖੀ ਸਰੀਰ ਨਾਲ ਸਬੰਧਤ ਕੁੱਝ ਮਸ਼ੀਨਾਂ ਲੱਗੀਆਂ ਹਨ ਜੋ ਪੁਲਾੜ 'ਚ ਮਨੁੱਖੀ ਸਰੀਰ ਦੇ ਸੰਚਾਲਨ 'ਚ ਹੋਣ ਵਾਲੇ ਬਦਲਾਅ ਦਾ ਅਧਿਐਨ ਕਰੇਗੀ।
ਇਸ ਮਹਿਲਾ ਰੋਬੋਟ ਦੀਆਂ ਲੱਤਾਂ ਨਹੀਂ ਹਨ ਪਰ ਇਹ ਅੱਗੇ ਤੇ ਪਾਸਿਆਂ 'ਤੇ ਝੁੱਕ ਸਕਦਾ ਹੈ। ਇਸਰੋ ਅਨੁਸਾਰ ਰੋਬੋਟ ਇਨਸਾਨਾਂ ਨੂੰ ਪਛਾਣ ਸਕਦਾ ਤੇ ਉਨ੍ਹਾਂ ਨਾਲ ਗੱਲਾਂ ਵੀ ਕਰ ਸਕਦਾ। ਇਹ ਸਵਿੱਚ ਪੈਨਲ ਚਲਾਉਣ ਤੇ ਹੋਰ ਮਨੁੱਖੀ ਗਤੀਵਿਧੀਆਂ ਕਰਨ ਦੀ ਸਮਰੱਥਾ ਰੱਖਦਾ ਹੈ।
ਇਸੇ ਵਿਚਾਲੇ ਇੰਡੀਅਨ ਏਅਰਫੋਰਸ ਚਾਰ ਪੁਲਾੜ ਯਾਤਰੀਆਂ ਦੀ ਭਾਲ 'ਚ ਲੱਗੀ ਹੋਈ ਹੈ ਜਿਨ੍ਹਾਂ ਨੂੰ ਪੁਲਾੜ 'ਚ ਭੇਜਣ ਤੋਂ ਪਹਿਲਾਂ ਰੂਸ 'ਚ ਟ੍ਰੇਨਿੰਗ ਦਿੱਤੀ ਜਾਵੇਗੀ।