ਨਵੀਂ ਦਿੱਲੀ: ਅਮਰੀਕਾ ਤੇ ਈਰਾਨ 'ਚ ਵਿਗੜੇ ਹਾਲਾਤਾਂ ਵਿਚਾਲੇ ਈਰਾਨ ਦੇ ਵਿਦੇਸ਼ ਮੰਤਰੀ ਜਾਵਦ ਜ਼ਰੀਫ ਆਪਣੇ ਭਾਰਤ ਦੌਰੇ ਦੇ ਅੱਜ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਜਾਵਦ ਜ਼ਰੀਫ ਤਿੰਨ ਦਿਨਾਂ ਭਾਰਤ ਦੌਰੇ 'ਤੇ ਆਏ ਹੋਏ ਹਨ।
ਵੀਰਵਾਰ ਨੂੰ ਉਹ ਆਪਣੇ ਹਮਰੁਤਬਾ ਐਸ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਮੁੰਬਈ ਜਾਣਗੇ ਤੇ ਉਥੇ ਬਿਜਨੇਸਮੈਨ ਦੇ ਇੱਕ ਗਰੁੱਪ ਨੂੰ ਸੰਬੋਧਨ ਕਰਨਗੇ।
ਦੂਜੇ ਪਾਸੇ, ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕਾ ਦੇ ਹਮਰੁਤਬਾ ਮਾਰਕ ਐਸਪਰ ਨੂੰ ਮਿਲਣਗੇ। ਇਸ ਮੁਲਾਕਾਤ ਚ ਖਾੜੀ ਦੇਸ਼ਾਂ ਚ ਹੋਏ ਵਿਕਾਸ ਬਾਰੇ ਚਰਚਾ ਕੀਤੀ ਜਾਵੇਗੀ।
ਜਾਵਦ ਜ਼ਰੀਫ ਦਾ ਭਾਰਤ ਦੌਰਾ ਇਸ ਵੇਲੇ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਪੂਰੀ ਦੁਨੀਆਂ ਦੀ ਨਜ਼ਰਾਂ ਇਸ ਵੇਲੇ ਅਮਰੀਕਾ ਤੇ ਈਰਾਨ ਵਿਚਾਲੇ ਵਿਗੜੇ ਹਾਲਾਤਾਂ 'ਤੇ ਟਿਕੀਆਂ ਹੋਈਆਂ ਹਨ।
ਭਾਰਤ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਸਥਿਤੀ ਨੂੰ ਕੰਟਰੋਲ ਕਰਨਾ ਚਾਹੇਗਾ ਤੇ ਉਹ ਈਰਾਨ, ਸੰਯੁਕਤ ਅਰਬ ਅਮੀਰਾਤ, ਓਮਾਨ ਤੇ ਕਤਰ ਸਣੇ ਕਈ ਪ੍ਰਮੁੱਖ ਦੇਸ਼ਾਂ ਦੇ ਸੰਪਰਕ 'ਚ ਹੈ।
ਦੱਸਣਯੋਗ ਹੈ ਕਿ 3 ਜਨਵਰੀ ਨੂੰ ਈਰਾਨ ਦਾ ਮੇਜਰ ਜਨਰਲ ਸੁਲੇਮਾਨੀ ਅਮਰੀਕਾ ਵੱਲੋਂ ਕੀਤੇ ਡਰੋਨ ਹਮਲੇ 'ਚ ਮਾਰਿਆ ਗਿਆ ਸੀ। ਉਸ ਤੋਂ ਬਾਅਦ ਈਰਾਨ ਨੇ ਈਰਾਕ 'ਚ ਸਥਿਤ ਅਮਰੀਕੀ ਫੌਜ ਦੇ ਟਿਕਾਣਿਆਂ ਤੇ ਮਿਸਾਈਲ ਹਮਲੇ ਕੀਤੇ ਸਨ। ਇਸ ਵੇਲੇ ਈਰਾਨ ਤੇ ਅਮਰੀਕਾ 'ਚ ਹਾਲਾਤ ਕਾਫ਼ੀ ਵਿਗੜੇ ਹੋਏ ਹਨ। ਭਾਰਤ ਖਾੜੀ ਦੇਸ਼ਾਂ ਤੋਂ ਵੱਡੀ ਮਾਤਰਾ 'ਚ ਤੇਲ ਆਯਾਤ ਕਰਦਾ ਹੈ। ਇਸ ਲਈ ਦੋਹਾਂ ਦੇਸ਼ਾਂ 'ਚ ਵਿਗੜੇ ਰਿਸ਼ਤੇ ਭਾਰਤ 'ਤੇ ਵੀ ਅਸਰ ਪਾ ਸਕਦੇ ਹਨ।