ਨਵੀਂ ਦਿੱਲੀ : ਦਿੱਲੀ ਦੇ ਹਾਈ ਕੋਰਟ ਨੇ ਆਈਐਨਐਕਸ ਮੀਡੀਆ ਡੀਲ ਵਿੱਚ ਈਡੀ ਦੇ ਕੇਸ 'ਚ ਪੀ ਚਿਦੰਬਰਮ ਦੀ ਜ਼ਮਾਨਤ ਪਟੀਸ਼ਨ ’ਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਈਡੀ ਨੂੰ 4 ਨਵੰਬਰ ਤੱਕ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੀ ਚਿਦੰਬਰਮ ਅਜੇ ਤੱਕ ਇਸ ਮਾਮਲੇ ਕਾਰਨ ਈਡੀ ਦੀ ਹਿਰਾਸਤ ਵਿੱਚ ਹਨ। ਚਿਦੰਬਰਮ ਨੂੰ ਅੱਜ ਰਾਊਜ਼ ਐਵਨਿਊ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਕੇਸ ਵਿੱਚ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ।
21 ਅਗਸਤ ਨੂੰ ਹੋਈ ਸੀ ਗ੍ਰਿਫ਼ਤਾਰੀ :
ਪਿਛਲੇ 17 ਅਕਤੂਬਰ ਨੂੰ ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਆਈਐਨਐਕਸ ਮੀਡੀਆ ਡੀਲ ਮਾਮਲੇ 'ਚ ਪੀ ਚਿਦੰਬਰਮ ਨੂੰ 24 ਅਕਤੂਬਰ ਤੱਕ ਈਡੀ ਦੀ ਹਿਰਾਸਤ ਵਿੱਚ ਭੇਜਣ ਦਾ ਆਦੇਸ਼ ਦਿੱਤਾ ਸੀ। ਚਿਦੰਬਰਮ ਨੂੰ ਆਈਐਨਐਕਸ ਮੀਡੀਆ ਡੀਲ ਦੇ ਸੀਬੀਆਈ ਨਾਲ ਜੁੜੇ ਮਾਮਲੇ ਵਿੱਚ ਬੀਤੇ ਮਹੀਨੇ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਆਈਐਨਐਕਸ ਮੀਡੀਆ ਡੀਲ ਮਾਮਲੇ ਵਿੱਚ ਸੀਬੀਆਈ ਨੇ 15 ਮਈ 2017 ਨੂੰ ਐਫਆਈਆਰ ਦਰਜ ਕੀਤੀ ਸੀ। ਇਸ ਵਿੱਚ ਪੀ.ਚਿਦੰਬਰਮ ਉੱਤੇ ਵਿੱਤ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਸਾਲ 2007 ਵਿੱਚ ਆਈਐਨਐਕਸ ਮੀਡੀਆ ਨੂੰ 305 ਕਰੋੜ ਰੁਪਏ ਦੇ ਵਿਦੇਸ਼ੀ ਫੰਡ ਪ੍ਰਾਪਤ ਕਰਨ ਲਈ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ਵਿੱਚ ਗੜਬੜੀ ਕੀਤੇ ਜਾਣ ਦੇ ਦੋਸ਼ ਲਗਾਏ ਗਏ ਸਨ। ਇਸ ਤੋਂ ਬਾਅਦ ਈਡੀ ਨੇ ਉਨ੍ਹਾਂ ਉੱਤੇ ਸਾਲ 2018 'ਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ।