ਨਵੀਂ ਦਿੱਲੀ: ਇੰਟਰਪੋਲ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਤਨੀ ਅਮੀ ਮੋਦੀ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇੰਟਰਪੋਲ ਨੇ ਇਹ ਨੋਟਿਸ ਪੰਜਾਬ ਨੈਸ਼ਨਲ ਬੈਂਕ ਨਾਲ ਸਾਢੇ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਤੋਂ ਬਾਅਦ ਜਾਰੀ ਕੀਤਾ ਹੈ।
ਦੱਸਣਯੋਗ ਹੈ ਕਿ ਨੀਰਵ ਮੋਦੀ ਦੀ ਪਤਨੀ ਅਮੀ ਮੋਦੀ ਅਮਰੀਕਾ ਦੀ ਨਾਗਰਿਕ ਹੈ ਅਤੇ ਇਸ ਨੋਟਿਸ ਤੋਂ ਬਾਅਦ ਅਮੀ ਮੋਦੀ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਈਡੀ ਦੇ ਇੱਕ ਅਧਿਕਾਰੀ ਵੱਲੋਂ ਆਈਏਐਨਐਸ ਨੂੰ ਦੱਸਿਆ ਕਿ ਇੰਟਰਪੋਲ ਨੇ ਅਮੀ ਮੋਦੀ ਦੇ ਖ਼ਿਲਾਫ਼ ਈਡੀ ਦੀ ਮਨੀ ਲਾਂਡਰਿੰਗ ਜਾਂਚ ਦੇ ਆਧਾਰ 'ਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।
ਦੱਸ ਦੇਈਏ ਕਿ ਲੰਡਨ ਵਿੱਚ ਨੀਰਵ ਮੋਦੀ ਖ਼ਿਲਾਫ਼ ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਦੇ ਇੱਕ ਕੇਸ ਵਿੱਚ ਹਵਾਲਗੀ ਦਾ ਕੇਸ ਚੱਲ ਰਿਹਾ ਹੈ। ਉਹ ਲੰਡਨ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਭਾਰਤ ਦੀਆਂ ਕਈ ਏਜੰਸੀਆਂ ਨੀਰਵ ਮੋਦੀ ਖ਼ਿਲਾਫ਼ ਕਈ ਕੇਸ ਦਾਇਰ ਕਰ ਚੁੱਕੀਆਂ ਹਨ।