ਨਵੀਂ ਦਿੱਲੀ : ਭਾਰਤੀ ਫੌਜ ਅਤੇ ਹਵਾਈ ਫੌਜ ਲੱਦਾਖ, ਉੱਤਰੀ ਸਿੱਕਿਮ, ਉਤਰਾਖੰਡ ਤੇ ਅਰੁਣਾਚਲ ਪ੍ਰਦੇਸ਼ 'ਤੇ ਸਥਿਤ ਅਸਲ ਕੰਟਰੋਲ ਲਾਈਨ (ਐਲਏਸੀ) ਦੇ ਨੇੜਲੇ ਸਾਰੇ ਹੀ ਖ਼ੇਤਰਾਂ 'ਚ ਉੱਚ ਪੱਧਰੀ ਕਾਰਜਸ਼ੀਲ ਤਿਆਰੀ ਕਾਇਮ ਰੱਖੇਗੀ।
ਇਸ ਦੇ ਨਾਲ ਹੀ ਜਦ ਤੱਕ ਚੀਨ ਦੇ ਨਾਲ ਸਰਹੱਦੀ ਵਿਵਾਦ ਦਾ ਕੋਈ ਸੰਤੁਸ਼ਟ ਹੱਲ ਨਹੀਂ ਨਿਕਲਦਾ, ਉਦੋਂ ਤੱਕ ਫੌਜ ਉੱਚ ਪੱਧਰ 'ਤੇ ਪੂਰੀ ਤਰ੍ਹਾਂ ਚੌਕਸ ਰਹੇਗੀ।
ਸੂਤਰਾਂ ਨੇ ਦੱਸਿਆ ਕਿ ਆਰਮੀ ਚੀਫ ਜਨਰਲ ਐਮਐਮ ਨਰਵਾਣੇ ਨੇ ਪਹਿਲਾਂ ਹੀ ਐਲਏਸੀ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਕੰਮਕਾਜ ਦੀ ਨਿਗਰਾਨੀ ਕਰਨ ਵਾਲੇ ਸਾਰੇ ਸੀਨੀਅਰ ਫੌਜ ਕਮਾਂਡਰਾਂ ਨੂੰ ਉੱਚ ਪੱਧਰ 'ਤੇ ਚੌਕਸੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਫੌਜ ਕਮਾਂਡਰਾਂ ਨੂੰ ਚੀਨ ਵੱਲੋਂ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਸਥਿਤੀ 'ਚ ਆਪਣਾ ਹਮਲਾਵਰ ਰਵਾਇਆ ਅਖ਼ਤਿਆਰ ਰੱਖਣ ਲਈ ਕਿਹਾ ਹੈ।
ਇਸ ਵਿਵਾਦ ਦੇ ਮੱਦੇਨਜ਼ਰ ਪਿਛਲੇ ਤਿੰਨ ਹਫਤੀਆਂ ਤੋਂ ਫੌਜ ਮੁੱਖੀ ਨੇ 3,500 ਕਿਲੋਮੀਟਰ ਲੰਬੀ ਅਸਲ ਕੰਟਰੋਲ ਲਾਈਨ ਦੀ ਨਿਗਰਾਨੀ ਕਰਨ ਵਾਲੇ ਸੀਨੀਅਰ ਕਮਾਂਡਰਸ ਦੇ ਨਾਲ ਲੰਬੀ ਅਤੇ ਵਿਸਥਾਰ ਨਾਲ ਚਰਚਾ ਕੀਤੀ ਹੈ।
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਪੈਨਗਨ ਸੋ, ਡੀਪਸਾਂਗ , ਗੋਗਰਾ ਅਤੇ ਪੂਰਬੀ ਲੱਦਾਖ ਸਣੇ ਕਈ ਵਿਵਾਦਤ ਥਾਵਾਂ ਤੋਂ ਆਪਣੀਆਂ ਫੌਜਾਂ ਦੀ ਵਾਪਸੀ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਨ ਦੇ ਮੱਦੇਨਜ਼ਰ ਉੱਚ ਚੌਕਸੀ ਬਣਾਈ ਰੱਖਣ ਲਈ ਤਾਜ਼ਾ ਨਿਰਦੇਸ਼ ਦਿੱਤੇ ਹਨ।
ਸੂਤਰਾਂ ਦੇ ਮੁਤਾਬਕ ਭਾਰਤ ਨੇ ਚੀਨ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੈ ਕਿ ਵਿਵਾਦ ਖ਼ਤਮ ਕਰਨ ਲਈ ਪੂਰਬੀ ਲੱਦਾਖ ਦੇ ਸਾਰੇ ਹੀ ਖੇਤਰਾਂ ਨੂੰ ਮੁੜ ਤੋਂ ਪਹਿਲਾਂ ਵਾਂਗ ਹੀ ਬਹਾਲ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।
ਆਰਮੀ ਚੀਫ ਜਨਰਲ ਨਰਵਾਣੇ ਨੇ ਵੀਰਵਾਰ ਨੂੰ ਤੇਜਪੁਰ ਸਥਿਤ ਚੌਥੀ ਕੋਰ ਦੇ ਮੁਖ ਦਫ਼ਤਰ ਵਿੱਚ ਪੂਰਬੀ ਕਮਾਨ ਦੇ ਸੀਨੀਅਰ ਕਮਾਂਡਰਾਂ ਨਾਲ ਵਿਆਪਕ ਚਰਚਾ ਕੀਤੀ ਸੀ।
ਉਥੇ ਹੀ ਦੂਜੇ ਪਾਸੇ ਹਵਾਈ ਫੌਜ ਦੇ ਡਿਪਟੀ ਚੀਫ ਏਅਰ ਮਾਰਸ਼ਲ ਐਚਐਸ ਅਰੋੜਾ ਨੇ ਸ਼ੁੱਕਰਵਾਰ ਨੂੰ ਲੱਦਾਖ ਵਿੱਚ ਹਵਾਈ ਫੌਜ ਦੇ ਕਈ ਠਿਕਾਣਿਆਂ ਦਾ ਦੌਰਾ ਕੀਤਾ ਅਤੇ ਫੌਜ ਦੀ ਕਾਰਜਸ਼ੀਲ ਤਿਆਰੀਆਂ ਦਾ ਜਾਇਜ਼ਾ ਲਿਆ।ਗਾਲਵਾਨ ਘਾਟੀ ਵਿੱਚ ਹੋਈ ਝੜਪ ਤੋਂ ਬਾਅਦ ਹਵਾਈ ਫੌਜ ਨੇ ਆਪਣੇ ਲਗਭਗ ਸਾਰੇ ਹੀ ਲੜਾਕੂ ਜਹਾਜ਼ਾਂ ਨੂੰ ਪੂਰਬੀ ਲੱਦਾਖ ਅਤੇ ਐਲਏਸੀ ਦੀ ਸਰਹੱਦੀ ਖੇਤਰਾਂ 'ਚ ਤਾਇਨਾਤ ਕਰ ਦਿੱਤਾ ਹੈ।