ਨਵੀਂ ਦਿੱਲੀ: ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਅਸਲ ਕੰਟਰੋਲ ਰੇਖਾ 'ਤੇ ਇੱਕ ਵਾਰ ਮੁੜ ਤੋਂ ਝੜਪ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 29 ਅਤੇ 30 ਅਗਸਤ ਦੀ ਰਾਤ ਨੂੰ ਪੈਨਗੋਂਗ-ਸੋ-ਝੀਲ ਦੇ ਦੱਖਣ ਵਿੱਚ ਚੀਨੀ ਫੌਜਾਂ ਦੀ ਹਰਕਤ ਅਚਾਨਕ ਵੱਧ ਗਈ। ਹਾਲਾਂਕਿ, ਭਾਰਤੀ ਫੌਜ਼ਾਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਹੈ।
ਫੌਜੀ ਬੁਲਾਰੇ ਕਰਨਲ ਅਮਨ ਆਨੰਦ ਨੇ ਕਿਹਾ ਕਿ ਭਾਰਤੀ ਫੌਜ ਨੇ ਚੀਨੀ ਫੌਜਿਆਂ ਦੀ ਹਰਕਤ ਨੂੰ ਅਸਫਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨੀ ਫੌਜਿਆਂ ਨੇ ਕੂਟਨੀਤਕ ਪੱਧਰ 'ਤੇ ਸਰਵ ਸਹਿਮਤੀ ਨਾਲ ਲਏ ਗਏ ਫੈਸਲੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਇੱਥੇ ਸਥਿਤੀ ਨੂੰ ਬਦਲਣ ਦੀ ਅਸਫਲ ਕੋਸ਼ਿਸ਼ ਕੀਤੀ।
ਫੌਜ ਨੇ ਦੱਸਿਆ ਕਿ ਚੁਸ਼ੁਲ ਵਿੱਚ ਬ੍ਰਿਗੇਡੀਅਰ ਕਮਾਂਡਰ ਪੱਧਰ ਦੀ ਗੱਲਬਾਤ ਦੋਹਾਂ ਫ਼ੌਜਾ ਵਿਚਾਲੇ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਗੱਲਬਾਤ ਰਾਹੀਂ ਸ਼ਾਂਤੀ ਸਥਾਪਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ, ਪਰ ਜੇ ਕੋਈ ਇਸਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।
ਕੀ ਹੈ ਪੈਨਗੋਂਗ ਖੇਤਰ ਦਾ ਵਿਵਾਦ
ਲੱਦਾਖ ਦੀ 134 ਕਿਲੋਮੀਟਰ ਲੰਬੀ ਪੈਨਗੋਂਗ ਤਸੋ ਝੀਲ ਹਿਮਾਲਿਆ ਵਿੱਚ ਲਗਭਗ 14,000 ਫੁੱਟ ਤੋਂ ਵੀ ਉੱਚਾਈ 'ਤੇ ਸਥਿਤ ਹੈ। ਇਸ ਝੀਲ ਦੀ ਦੂਰੀ ਦਾ 45 ਕਿਲੋਮੀਟਰ ਖੇਤਰ ਭਾਰਤ ਵਿੱਚ ਪੈਂਦਾ ਹੈ, ਜਦੋਂ ਕਿ 90 ਕਿਲੋਮੀਟਰ ਚੀਨ ਦੇ ਖੇਤਰ ਵਿੱਚ ਪੈਂਦਾ ਹੈ। ਅਸਲ ਕੰਟਰੋਲ ਰੇਖਾ ਇਸ ਝੀਲ ਵਿਚੋਂ ਲੰਘਦੀ ਹੈ, ਪਰ ਚੀਨ ਦਾ ਮੰਨਣਾ ਹੈ ਕਿ ਪੂਰੀ ਪੈਂਨਗੋਂਗ ਤਸੋ ਝੀਲ ਚੀਨ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ।
15-16 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਐਲਏਸੀ ਉੱਤੇ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਕਾਰ ਖੂਨੀ ਝੜਪ ਹੋਈ ਸੀ। ਇਸ ਵਿੱਚ ਭਾਰਤੀ ਫੌਜ ਦੇ ਇੱਕ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਦਾਅਵਾ ਕੀਤਾ ਕਿ ਇਸ ਘਟਨਾ ਵਿੱਚ ਬਹੁਤ ਸਾਰੇ ਚੀਨੀ ਸੈਨਿਕ ਵੀ ਮਾਰੇ ਗਏ ਹਨ, ਹਾਲਾਂਕਿ ਚੀਨ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਇਸ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ।