ਚੰਡੀਗੜ੍ਹ: ਭਾਰਤ ਦੇ ਮਹਾਨ ਹਾਕੀ ਖਿਡਾਰੀ ਅਤੇ ਓਲੰਪੀਅਨ ਬਲਬੀਰ ਸਿੰਘ ਅੱਜ ਸਵੇਰੇ 6 ਵਜੇ ਦੇ ਕਰੀਬ ਸੰਸਾਰ ਨੂੰ ਅਲਵਿਦਾ ਕਹਿ ਗਏ। 96 ਸਾਲਾ ਬਲਬੀਰ ਸਿੰਘ ਉਮਰ ਦੇ ਤਕਾਜ਼ੇ ਨਾਲ ਕਈ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਸਨ। ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ।
ਆਜ਼ਾਦੀ ਤੋਂ ਪੂਰੇ ਇੱਕ ਸਾਲ ਬਾਅਦ 12 ਅਗਸਤ, 1948 ਨੂੰ ਭਾਰਤੀ ਹਾਕੀ ਟੀਮ ਨੇ ਓਲੰਪਿਕਸ 'ਚ ਇਤਿਹਾਸ ਰਚਦਿਆਂ ਆਜ਼ਾਦ ਭਾਰਤ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਸੀ। ਇੱਥੇ ਵਰਨਣਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਦੀ ਅਗਵਾਈ ਹੇਠ ਭਾਰਤ ਨੇ ਤਿੰਨ ਵਾਰ 1948, 1952 ਅਤੇ 1956 'ਚ ਓਲੰਪਿਕਸ ਦੇ ਸੋਨ ਤਮਗ਼ੇ ਜਿੱਤੇ ਸਨ। ਬਲਬੀਰ ਸਿੰਘ ਸੀਨੀਅਰ ਸੈਂਟਰ ਫਾਰਵਰਡ ਸੀ ਜਿਸ ਨੇ ਜਿੱਥੇ ਖਿਡਾਰੀ, ਉਪ ਕਪਤਾਨ ਅਤੇ ਕਪਤਾਨ ਰਹਿੰਦਿਆਂ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਵਿੱਚ 3 ਸੋਨ ਤਮਗੇ ਜਿਤਾਏ ਉਥੇ ਬਤੌਰ ਕੋਚ/ਮੈਨੇਜਰ ਭਾਰਤ ਨੂੰ 1975 ਵਿੱਚ ਇਕਲੌਤਾ ਵਿਸ਼ਵ ਕੱਪ ਵੀ ਜਿਤਾਇਆ।
ਬਲਬੀਰ ਸਿੰਘ ਸੀਨੀਅਰ ਦੀਆਂ ਪ੍ਰਾਪਤੀਆਂ
- ਬਲਬੀਰ ਸਿੰਘ ਸੀਨੀਅਰ ਦੀ ਅਗਵਾਈ ਹੇਠ ਭਾਰਤ ਨੇ ਤਿੰਨ ਵਾਰ 1948, 1952 ਅਤੇ 1956 'ਚ ਓਲੰਪਿਕਸ ਦੇ ਸੋਨ ਤਮਗ਼ੇ ਜਿੱਤੇ।
- ਬਲਬੀਰ ਸਿੰਘ ਸੀਨੀਅਰ ਨੇ 1952 ਓਲੰਪਿਕ ਦੇ ਫਾਈਨਲ ਮੁਕਾਬਲੇ ਵਿੱਚ 5 ਗੋਲ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ, ਜੋ ਕਿ ਅਜੇ ਤੱਕ ਕੋਈ ਨਹੀਂ ਤੋੜ ਸਕਿਆ ਹੈ।
- 1957 ਵਿੱਚ ਬਲਬੀਰ ਸਿੰਘ ਸੀਨੀਅਰ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
- ਬਲਬੀਰ ਸਿੰਘ ਸੀਨੀਅਰ ਬਤੌਰ ਕੋਚ/ਮੈਨੇਜਰ ਭਾਰਤ ਨੂੰ 1975 ਵਿੱਚ ਇਕਲੌਤਾ ਵਿਸ਼ਵ ਕੱਪ ਵੀ ਜਿਤਾਇਆ।
- 2012 ਲੰਡਨ ਓਲੰਪਿਕ ਵਿੱਚ ਓਲੰਪਿਕ ਆਈਕਾਨਿਕ ਐਵਾਰਡ ਨਾਲ ਨਿਵਾਜ਼ਿਆ ਗਿਆ, ਇਹ ਐਵਾਰਡ ਹਾਸਿਲ ਕਰਨ ਵਾਲੇ ਬਲਬੀਰ ਸਿੰਘ ਏਸ਼ੀਆ ਦੇ ਇਕਲੌਤੇ ਖਿਡਾਰੀ ਹਨ।
- 2019 ਵਿੱਚ ਪੰਜਾਬ ਸਰਕਾਰ ਵੱਲੋਂ ਮਾਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਬਲਬੀਰ ਸਿੰਘ ਸੀਨੀਅਰ ਦੇ ਜੀਵਨ ਬਾਰੇ
ਮੋਗਾ ਦੇ ਦੇਵ ਸਮਾਜ ਸਕੂਲ ਵਿਚ ਮੈਦਾਨ ਵਿਚ ਗੋਲਕੀਪਰ ਵਜੋਂ ਖੇਡ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਬਲਬੀਰ ਸਿੰਘ ਸੀਨੀਅਰ ਨੇ ਅੱਗੇ ਚੱਲ ਕੇ ਫਾਰਵਰਡ ਲਾਈਨ ਵਿਚ ਅਜਿਹਾ ਖੇਡਣਾ ਸ਼ੁਰੂ ਕੀਤਾ ਕਿ ਗੋਲ ਕਰਨ ਵਿਚ ਵਿਸ਼ਵ ਅਤੇ ਓਲੰਪਿਕ ਰਿਕਾਰਡ ਬਣਾਏ ਜੋ ਹਾਲੇ ਤੱਕ ਨਹੀਂ ਟੁੱਟੇ।
ਬਲਬੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਅਜ਼ਾਦੀ ਘੁਲਾਟੀਏ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ, ਤਹਿਸੀਲ ਫਿਲੌਰ ਵਿਖੇ ਹੋਇਆ ਸੀ। ਕਾਗਜ਼ਾਂ ਵਿੱਚ ਬਲਬੀਰ ਸਿੰਘ ਦੀ ਜਨਮ ਤਰੀਕ 10 ਅਕਤੂਬਰ 1924 ਹੈ।
ਦੇਵ ਸਮਾਜ ਸਕੂਲ ਤੋਂ ਮੁੱਢਲੀ ਸਿੱਖਿਆ ਤੋਂ ਬਾਅਦ ਕਾਲਜ ਦੀ ਇੱਕ ਸਾਲ ਦੀ ਪੜ੍ਹਾਈ ਡੀ.ਐੱਮ. ਕਾਲਜ ਮੋਗਾ ਤੋਂ ਕੀਤੀ। ਫੇਰ ਸਿੱਖ ਨੈਸ਼ਨਲ ਕਾਲਜ ਲਾਹੌਰ ਦਾਖਲਾ ਲੈ ਲਿਆ ਜਿੱਥੋਂ ਐੱਫ.ਏ. ਕਰਨ ਤੋਂ ਬਾਅਦ ਹਾਕੀ ਖੇਡ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦੇ ਆਉਣ ਲੱਗੇ। ਖਾਲਸਾ ਕਾਲਜ ਵੱਲੋਂ ਖੇਡਦਿਆਂ ਭਾਵੇਂ ਉਨ੍ਹਾਂ ਨੂੰ ਕਪਤਾਨੀ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਅਗਾਂਹ ਜਾ ਕੇ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈ ਕੇ ਭਾਰਤੀ ਟੀਮ ਦੀ ਕਪਤਾਨੀ ਕੀਤੀ।