ਨਵੀਂ ਦਿੱਲੀ : ਦਰਾਮਦ ਹੋਣ ਵਾਲੇ ਭਾਰਤੀ ਉਤਪਾਦਾਂ ਉੱਤੇ ਟੈਕਸ ਵਾਧੇ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਮਤਭੇਦ ਹੁੰਦੇ ਨਜ਼ਰ ਆ ਰਹੇ ਹਨ। ਭਾਰਤੀ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਸਨਿੱਚਰਵਾਰ ਨੂੰ ਦੋ ਸਾਲ ਪੁਰਾਣੇ ਨੋਟੀਫਿਕੇਸ਼ਨ ਵਿੱਚ ਸੋਧ ਕੀਤਾ ਹੈ। ਭਾਰਤ ਨੇ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਬਾਦਾਮ, ਅਖ਼ਰੋਟ, ਸੁੱਕੇ ਮੇਵੇ ਅਤੇ ਦਾਲਾਂ ਸਮੇਤ ਕੁੱਲ 28 ਉਤਪਾਦਾਂ ਉੱਤੇ ਕਸਟਮ ਡਿਊਟੀ ਵੱਧਾ ਦਿੱਤੀ ਗਈ ਹੈ ਅਤੇ ਐਤਵਾਰ ਤੋਂ ਵੱਧੀ ਹੋਈ ਡਿਊਟੀ ਲਾਗੂ ਹੋ ਚੁੱਕੀ ਹੈ।
ਭਾਰਤ ਵੱਲੋਂ ਕੀਤੀ ਗਈ ਇਸ ਕਾਰਵਾਈ ਨਾਲ ਇਨ੍ਹਾਂ 28 ਚੀਜ਼ਾਂ ਦਾ ਨਿਰਯਾਤ ਕਰਨ ਵਾਲੇ ਅਮਰੀਕੀ ਕਾਰੋਬਾਰੀ ਪ੍ਰਭਾਵਤ ਹੋਣਗੇ। ਕਸਟਮ ਡਿਊਟੀ ਵੱਧਣ ਨਾਲ ਭਾਰਤ 'ਚ ਇਨ੍ਹਾਂ ਚੀਜ਼ਾਂ ਦੀ ਦਰਾਮਦ ਮਹਿੰਗੀ ਹੋ ਜਾਵੇਗੀ। ਇਸ ਨਾਲ ਭਾਰਤ ਨੂੰ ਕੁੱਲ 21.7 ਕਰੋੜ ਰੁਪਏ ਦਾ ਹੋਰ ਫਾਇਦਾ ਮਿਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਵੱਲੋਂ ਵੀ ਜੂਨ 2018 ਵਿੱਚ ਸਟੀਲ ਅਤੇ ਐਲਮੂਨੀਯਮ ਵਰਗੇ ਭਾਰਤੀ ਉਤਪਾਦਾਂ 'ਤੇ ਟੈਰਿਫ਼ ਵਧਾਇਆ ਸੀ।
ਨੋਟੀਫਿਕੇਸ਼ਨ ਮੁਤਾਬਕ ਅਮਰੀਕਾ ਤੋਂ ਇਲਾਵਾ ਹੋਰਨਾਂ ਦੇਸ਼ਾਂ ਤੋਂ ਇਨ੍ਹਾਂ ਚੀਜ਼ਾਂ ਦਾ ਵਪਾਰ ਮੋਸਟ ਫੈਵਰਡ ਨੇਸ਼ਨ (ਐਮਐਫਐਨ) ਦੇ ਅਧੀਨ ਜਾਰੀ ਰਹੇਗਾ ਅਤੇ ਇਨ੍ਹਾਂ ਦੀ ਕੀਮਤ ਵਿੱਚ ਕਿਸੇ ਤਰ੍ਹਾਂ ਦੇ ਬਦਲਾਅ ਨਹੀਂ ਕੀਤੇ ਜਾਣਗੇ। ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਭਾਰਤ ਨੂੰ ਜੀਐਸਪੀ ਬਾਹਰ ਕੱਢਿਆ ਸੀ। ਇਸ ਦੇ ਨਾਲ ਭਾਰਤ ਦੀ 5.6 ਅਰਬ ਡਾਲਰ (ਲੱਗਭਗ 39,000 ਕਰੋੜ ਰੁਪਏ) ਦੇ ਨਿਰਯਾਤ ਨੂੰ ਮਿਲਣਾ ਬੰਦ ਹੋ ਗਿਆ ਹੈ। ਪਿਛਲੇ ਸਾਲ ਅਮਰੀਕਾ ਨੇ ਭਾਰਤੀ ਸਟੀਲ 'ਤੇ 10 ਫ਼ੀਸਦੀ ਅਤੇ ਅਲੂਮਿਨੀਅਮ' ਤੇ 25 ਫ਼ੀਸਦੀ ਤੈਅ ਕੀਤਾ ਸੀ।