ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਤਾਰਪੁਰ ਲਾਂਘੇ ਦਾ ਕੰਮ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵੱਲੋਂ ਤਕਰੀਬਨ ਪੂਰਾ ਹੋਣ ਦੀ ਕਗਾਰ 'ਤੇ ਹੈ। ਉੱਥੇ ਹੀ ਭਾਰਤ ਅਤੇ ਪਾਕਿਸਤਾਨ ਦੋਵੇ ਦੇਸ਼ ਕਰਤਾਰਪੁਰ ਲਾਂਘੇ ਸਮਝੋਤੇ 'ਤੇ 23 ਅਕਤੂਬਰ ਨੂੰ ਹਸਤਾਖ਼ਰ ਕਰਣਗੇ।
12 ਨਵੰਬਰ ਤੋਂ ਪਹਿਲਾਂ ਸਮੇਂ ਅਨੁਸਾਰ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਕਰਨ ਅਤੇ ਗੁਰੂ ਘਰ ਕਰਤਾਰਪੁਰ ਸਾਹਿਬ ਵਿਖੇ ਵੀਜ਼ਾ ਮੁਕਤ ਕਰਵਾਉਣ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਸਰਕਾਰ 23 ਅਕਤੂਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਸਮਝੌਤੇ 'ਤੇ ਹਸਤਾਖ਼ਰ ਕਰੇਗੀ। ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਰੱਖੀ ਗਈ 20 ਡਾਲਰ ਦੀ ਫ਼ੀਸ 'ਤੇ ਭਾਰਤ ਨੇ ਪਾਕਿ ਅਗੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਾਕਿਸਤਾਨ ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਬੈਠਕ ਹੋਈ ਸੀ। ਦੋਹਾਂ ਸਰਕਾਰਾਂ ਵਿਚਾਲੇ ਹੋਈ ਇਸ ਬੈਠਕ 'ਚ ਕਈ ਅਹਿਮ ਮੁੱਦਿਆਂ ਨੂੰ ਪਾਸ ਕੀਤਾ ਗਿਆ ਸੀ, ਪਰ ਸ਼ਰਧਾਲੂਆਂ ਤੋਂ 20 ਡਾਲਰ ਦੀ ਫ਼ੀਸ ਵਸੂਲ ਕਰਨ ਵਾਲੀ ਪਾਕਿ ਦੀ ਗੱਲ 'ਤੇ ਭਾਰਤ ਸਰਕਾਰ ਨੇ ਅਸਹਿਮਤੀ ਜਤਾਈ ਸੀ। ਭਾਰਤ ਵੱਲੋਂ ਲਗਾਤਾਰ ਪਾਕਿ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਹ ਇਸ ਫ਼ੀਸ ਨੂੰ ਨਾ ਵਸੂਲ ਕਰਨ ਤਾਂ ਜੋ ਗਰੀਬ ਜਾਂ ਅਮੀਰ ਹਰ ਕੋਈ ਤੀਰਥ ਸਥਾਨ ਦੇ ਦਰਸ਼ਨ ਕਰ ਸਕੇ।
ਉੱਥੇ ਹੀ ਦੋਹਾਂ ਦੇਸ਼ਾਂ ਵੱਲੋਂ ਲਾਂਘੇ ਦਾ ਕੰਮ ਅਜੇ ਵੀ ਜਾਰੀ ਹੈ ਤੇ ਅਦਾਰਿਆਂ ਵੱਲੋਂ ਇਸ ਨੂੰ 31 ਅਕਤੂਬਰ ਤੱਕ ਪੂਰਾ ਕਰਨ ਦੀ ਆਸ ਕੀਤੀ ਜਾ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ ਜਿਸ ਦੀ ਦੂਰੀ ਭਾਰਤ ਦੇ ਡੇਰਾ ਬਾਬਾ ਨਾਨਕ ਤੋਂ 4.5 ਕਿਲੋ ਮੀਟਰ ਹੈ। ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਿੱਖਾਂ ਲਈ ਬਹੁਤ ਸਤਿਕਾਰਯੋਗ ਹੈ, ਕਿਉਂਕਿ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਜੀਵਨ ਦੇ 18 ਸਾਲ ਬਿਤਾਏ ਗਏ ਸਨ।