ਨਵੀਂ ਦਿੱਲੀ: ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਨਿਯੰਤ੍ਰਣ ਦੀ ਰਣਨੀਤੀ ਦੇ ਮੁਕਾਬਲੇ ਵਿੱਚ ਭਾਰਤ ਕੋਵਿਡ-19 ਪ੍ਰਭਾਵਿਤ ਹੋਰ ਦੇਸ਼ਾਂ ਤੋਂ ਕਿਤੇ ਚੰਗੀ ਸਥਿਤੀ ਵਿੱਚ ਹੈ। ਸਿਹਤ ਮੰਤਰਾਲੇ ਦੇ ਸਰਵੇਖਣ ਮੁਤਾਬਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਦਰ ਤੁਲਨਾਤਮਕ ਤੌਰ 'ਤੇ ਬਾਕੀ ਦੇਸ਼ਾਂ ਨਾਲੋਂ ਕਾਫ਼ੀ ਘੱਟ ਹੈ। ਪਿਛਲੇ 4 ਦਿਨਾਂ ਵਿੱਚ ਭਾਰਤ ਵਿੱਚ 750-1500 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਅਮਰੀਕਾ ਤੇ ਇਟਲੀ ਵਿੱਚ ਇੰਨੇ ਮਾਮਲਿਆਂ ਲਈ 2 ਦਿਨ ਲਗਦੇ ਹਨ। ਉਧਰ ਇੰਗਲੈਂਡ, ਫਰਾਂਸ, ਜਰਮਨੀ ਨੂੰ 3 ਦਿਨ, ਸਪੇਨ 'ਚ ਇੱਕ ਦਿਨ ਅਤੇ ਕੈਨੇਡਾ ਵਿੱਚ ਕੋਰੋਨਾ ਦੇ ਇੰਨੇ ਮਾਮਲੇ 4 ਦਿਨਾਂ ਵਿੱਚ ਦਰਜ ਕੀਤੇ ਜਾਂਦੇ ਹਨ।
ਐਸੋਸੀਏਸ਼ਨ ਆਫ਼ ਹੈਲਥ ਕੇਅਰ ਪ੍ਰੋਵਾਈਡਰਜ਼ ਦੇ ਡਾਇਰੈਕਟਰ ਡਾ. ਗਿਰੀਧਰ ਗਿਆਨੀ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਅਤੇ ਕੋਰੋਨਾ ਦੇ ਫੈਲਾਅ ਤੋਂ ਬਚਣ ਲਈ ਭਾਰਤ ਪਹਿਲਾਂ ਤੋਂ ਹੀ ਪ੍ਰਭਾਵਸ਼ਾਲੀ ਪਹੁੰਚ ਅਪਣਾ ਰਿਹਾ ਹੈ ਜਿਸ ਕਰਕੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ।
ਇਹ ਵੀ ਪੜ੍ਹੋ: ਦਿੱਲੀ 'ਚ ਪੀਜ਼ਾ ਡਿਲੀਵਰੀ ਏਜੰਟ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਚੌਕਸ
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਜਦੋਂ ਭਾਰਤ ਨੇ 10000 ਤੋਂ ਵੱਧ ਮਾਮਲਿਆਂ ਨੂੰ ਪਾਰ ਕੀਤਾ ਤਾਂ 217554 ਟੈਸਟ ਕੀਤੇ ਗਏ ਸਨ ਜਦੋਂ ਕਿ ਇੰਨੇ ਅੰਕੜੇ ਲਈ ਅਮਰੀਕਾ ਨੇ 139878 ਟੈਸਟ ਕੀਤੇ, ਯੂਕੇ ਦੇ 113777 ਅਤੇ ਇਟਲੀ ਨੇ 731554 ਟੈਸਟ ਕੀਤੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੌਤ ਦਰ ਵਿੱਚ ਵੀ ਭਾਰਤ ਦੇ ਹਾਲਾਤ ਕਾਬੂ ਵਿੱਚ ਹਨ। ਵਿਸ਼ਵ ਪੱਧਰ 'ਤੇ ਇੱਕ ਮੀਲੀਅਨ ਵਿੱਚੋਂ 17.3 ਪ੍ਰਤੀਸ਼ਤ ਮੌਤ ਦਰ ਹੈ ਜਦਕਿ ਭਾਰਤ ਵਿੱਚ 0.3 ਪ੍ਰਤੀਸ਼ਤ ਹੈ। ਇਸ ਮਾਮਲੇ ਵਿੱਚ ਸਪੇਨ ਦੀ ਮੌਤ ਦਰ ਸਭ ਤੋਂ ਵਧ ਹੈ, ਜਿਥੇ 1 ਮੀਲੀਅਨ ਲੋਕਾਂ ਵਿੱਚੋਂ 401 ਲੋਕਾਂ ਦੀ ਮੌਤ ਹੋ ਰਹੀ ਹੈ।