ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿਛਲੇ 10 ਦਿਨਾਂ 'ਚ 58 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 73 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 4980 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਕੁੱਲ ਮਾਮਲਿਆਂ 'ਚ ਭਾਰਤ ਏਸ਼ੀਆ 'ਚ ਪਹਿਲੇ ਨੰਬਰ 'ਤੇ ਆ ਗਿਆ ਹੈ ਤੇ ਦੁਨੀਆ 'ਚ 9ਵੇਂ ਨੰਬਰ 'ਤੇ ਹੈ।
ਸ਼ੁੱਕਰਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 8101 ਨਵੇਂ ਮਾਮਲੇ ਸਾਹਮਣੇ ਆਏ ਅਤੇ ਰਿਕਾਰਡ 11 ਹਜ਼ਾਰ 729 ਕੋਰੋਨਾ ਮਰੀਜ਼ ਠੀਕ ਵੀ ਹੋਏ ਜਦਕਿ 269 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਮਹਾਰਾਸ਼ਟਰ ਵਿੱਚ 116 ਮਰੀਜ਼ਾਂ ਦੀ ਮੌਤ ਹੋ ਗਈ। ਇਹ ਇੱਕ ਦਿਨ ਵਿੱਚ ਸਭ ਤੋਂ ਵੱਡੀ ਗਿਣਤੀ ਹੈ। ਰਾਜ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 62 ਹਜ਼ਾਰ ਨੂੰ ਪਾਰ ਕਰ ਗਈ ਹੈ। ਦੂਜੇ ਪਾਸੇ ਦਿੱਲੀ ਵਿੱਚ ਰਿਕਾਰਡ 1106 ਨਵੇਂ ਮਾਮਲੇ ਦਰਜ ਹੋਏ ਅਤੇ 82 ਮੌਤਾਂ ਹੋਈਆਂ। ਲਗਾਤਾਰ ਦੂਜੇ ਦਿਨ 1 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਸਰਕਾਰ ਨੇ 5 ਵੱਡੇ ਹੋਟਲਾਂ ਨੂੰ ਆਪਣੇ ਕੈਂਪਸ ਕੋਰੋਨਾ ਹਸਪਤਾਲ ਵਜੋਂ ਵਰਤਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਕੋਵਿਡ-19: ਪੰਜਾਬ 'ਚ 39 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 2197
ਸ਼ੁੱਕਰਵਾਰ ਨੂੰ COVID19.org ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿੱਚ 2682, ਦਿੱਲੀ ਵਿੱਚ 1105, ਤਾਮਿਲਨਾਡੂ ਵਿੱਚ 874, ਗੁਜਰਾਤ ਵਿੱਚ 372, ਰਾਜਸਥਾਨ ਵਿੱਚ 298, ਪੱਛਮੀ ਬੰਗਾਲ ਵਿੱਚ 277, ਉੱਤਰ ਪ੍ਰਦੇਸ਼ ਵਿੱਚ 275, ਕਰਨਾਟਕ ਵਿੱਚ 248, ਹਰਿਆਣਾ ਵਿੱਚ 217, ਉੱਤਰਾਖੰਡ ਵਿੱਚ 216, ਬਿਹਾਰ ਵਿੱਚ 174, ਜੰਮੂ-ਕਸ਼ਮੀਰ ਵਿੱਚ 128 ਅਤੇ ਅਸਾਮ ਵਿੱਚ 144 ਨਵੇਂ ਮਰੀਜ਼ ਪਾਏ ਗਏ।