ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਿਛਲੇ 10 ਦਿਨਾਂ 'ਚ 57 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਭਾਰਤ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 58 ਹਜ਼ਾਰ ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿੱਚੋਂ 4534 ਮੌਤਾਂ ਹੋ ਚੁੱਕੀਆਂ ਹਨ। ਬੁੱਧਵਾਰ ਨੂੰ ਭਾਰਤ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ 7261 ਮਾਮਲੇ ਸਾਹਮਣੇ ਆਏ।
ਭਾਰਤ ਵਿੱਚ ਮਹਾਰਾਸ਼ਟਰ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਰਾਜ ਹੈ। ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ 2190 ਮਾਮਲੇ ਸਾਹਮਣੇ ਆਏ। ਜਾਣਕਾਰੀ ਲਈ ਦੱਸ ਦਈਏ ਕਿ ਮਹਾਰਾਸ਼ਟਰ ਵਿੱਚ ਲਗਾਤਾਰ 11ਵੇਂ ਦਿਨ 2 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਜੰਮੂ ਕਸ਼ਮੀਰ ਵਿੱਚ ਬੁੱਧਵਾਰ ਨੂੰ 162 ਅਤੇ ਤਾਮਿਲਨਾਡੂ ਵਿੱਚ 817 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਦੋਵੇਂ ਰਾਜਾਂ ਵਿੱਚ ਇੱਕ ਦਿਨ 'ਚ ਪੌਜ਼ੀਟਿਵ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤਾ ਹੈ। ਇਸ ਤੋਂ ਇਲਾਵਾ ਗੁਜਰਾਤ ਵਿੱਚ 376, ਰਾਜਸਥਾਨ ਵਿੱਚ 280, ਪੱਛਮੀ ਬੰਗਾਲ ਵਿੱਚ 183, ਕਰਨਾਟਕ ਵਿੱਚ 135 ਨਵੇਂ ਮਰੀਜ਼ ਪਾਏ ਗਏ।
ਇਹ ਵੀ ਪੜ੍ਹੋ: ਬੀਜ ਘੁਟਾਲਾ: ਅਕਾਲੀਆਂ ਨੇ ਸਾਰੇ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਦੀ ਕੀਤੀ ਮੰਗ
ਸਿਹਤ ਮੰਤਰਾਲੇ ਅਤੇ ਰਾਜ ਸਰਕਾਰ ਦੀ ਅਧਿਕਾਰਤ ਜਾਣਕਾਰੀ ਮੁਕਾਬਕ ਭਾਰਤ ਵਿੱਚ 83 ਹਜ਼ਾਰ ਐਕਟਿਵ ਮਾਮਲੇ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ 64 ਹਜ਼ਾਰ 425 ਮਰੀਜ਼ ਠੀਕ ਹੋ ਗਏ ਹਨ।