ਨਵੀਂ ਦਿੱਲੀ: ਕਾਂਗਰਸ ਦੇ ਖ਼ਾਤੇ ਵਿੱਚ 170 ਕਰੋੜ ਰੁਪਏ ਦਾ ਕਾਲਾਧਨ ਆਉਣ ਦੇ ਮਾਮਲੇ ਵਿੱਚ ਇਨਕਮ ਟੈਕਸ ਵਿਭਾਗ ਨੇ ਪਾਰਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਸੂਤਰਾਂ ਮੁਤਾਬਕ ਇਹ ਨੋਟਿਸ 2 ਦਸੰਬਰ ਨੂੰ ਭੇਜਿਆ ਗਿਆ ਹੈ ਜਿਸ ਵਿੱਚ ਹੈਦਰਾਬਾਦ ਦੀ ਇੱਕ ਕੰਪਨੀ ਤੋਂ ਕਾਂਗਰਸ ਦੇ ਖ਼ਾਤੇ ਵਿੱਚ ਕਾਲਾਧਨ ਆਉਣ ਦਾ ਦੋਸ਼ ਹੈ। ਕਾਂਗਰਸ ਨੇ ਇਸ ਸਬੰਧੀ ਅਜੇ ਤੱਕ ਇਨਕਮ ਟੈਕਸ ਵਿਭਾਗ ਨੂੰ ਕੋਈ ਦਸਤਾਵੇਜ ਨਹੀਂ ਦਿੱਤੇ ਹਨ। ਇਸੇ ਕਾਰਨ ਇਨਕਮ ਟੈਕਸ ਵਿਭਾਗ ਨੇ ਇਹ ਨੋਟਿਸ ਜਾਰੀ ਕੀਤਾ ਹੈ।
4 ਨਵੰਬਰ ਨੂੰ ਇਨਕਮ ਟੈਕਸ ਵਿਭਾਗ ਨੇ ਇਸ ਮਾਮਲੇ ਵਿੱਚ ਕਾਂਗਰਸ ਦਫ਼ਤਰ ਦੇ ਆਗੂਆਂ ਨੂੰ ਸੰਮਨ ਜਾਰੀ ਕੀਤਾ ਸੀ ਫਿਰ ਵੀ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ ਹੁਣ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਨਕਮ ਟੈਕਸ ਵਿਭਾਗ ਨੇ ਕੰਪਨੀ ਦੇ ਇੱਕ ਸਟਾਫ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਹ ਵੀ ਪੇਸ਼ ਨਹੀਂ ਹੋਇਆ। ਹਾਲ ਹੀ ਵਿੱਚ ਹੈਦਰਾਬਾਦ ਦੀ ਇਨਫ੍ਰਾਸਟਰਕਚਰ ਕੰਪਨੀ ਵਿੱਚ ਇੱਕ ਛਾਪੇਮਾਰੀ ਦੌਰਾਨ ਇਨਕਮ ਟੈਕਸ ਵਿਭਾਗ ਨੂੰ ਪਤਾ ਲੱਗਿਆ ਕਿ ਹਵਾਲਾ ਰਾਹੀਂ 170 ਕਰੋੜ ਰੁਪਏ ਕਾਂਗਰਸ ਨੂੰ ਭੇਜੇ ਗਏ ਹਨ।
ਕੰਪਨੀ ਨੇ ਇਹ ਪੈਸਾ ਫਰਜ਼ੀ ਬਿੱਲ ਲਗਾ ਕੇ ਸਰਕਾਰ ਤੋਂ ਲਿਆ। ਇਸ ਕੰਪਨੀ ਦੇ ਕਈ ਸਰਕਾਰੀ ਪ੍ਰਾਜੈਕਟ ਹਨ। ਕੰਪਨੀ ਨੇ ਚੰਦਰਬਾਬੂ ਨਾਇਡੂ ਦੀ ਟੀਡੀਪੀ ਨੂੰ ਵੀ 150 ਕਰੋੜ ਰੁਪਏ ਭੇਜੇ। ਉਨ੍ਹਾਂ ਨੂੰ ਵੀ ਛੇਤੀ ਹੀ ਨੋਟਿਸ ਜਾਰੀ ਕੀਤਾ ਜਾਵੇਗਾ।