ਨਵੀਂ ਦਿੱਲੀ: ਚੀਨ ਤੋਂ ਪੂਰੀ ਦੁਨੀਆਂ ਤੱਕ ਫੈਲਣ ਵਾਲੇ ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਭਾਰਤ ਵਿੱਚ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 6412 ਹੋ ਗਈ ਹੈ, ਜਦਕਿ 199 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਨੇ ਦੇਸ਼ ਨੂੰ ਭਿਆਨਕ ਖ਼ਤਰੇ ਦਾ ਸੰਕੇਤ ਦਿੱਤਾ ਹੈ।
ਆਈਸੀਐਮਆਰ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਭਾਰਤ ਵਿਚ ਕਮਿਊਨਿਟੀ ਟਰਾਂਸਮਿਸ਼ਨ ਦਾ ਖ਼ਤਰਾ ਘੱਟ ਹੈ। ਪਰ, ਹੁਣ ਜਿਵੇਂ ਅੰਕੜਾ ਉਪਰ ਜਾ ਰਿਹਾ ਹੈ, ਉਸ ਤਰ੍ਹਾਂ ਇਹ ਖ਼ਤਰਾ ਵੱਧ ਰਿਹਾ ਹੈ।
ਕੀ ਕਹਿੰਦੀ ਹੈ ਰਿਪੋਰਟ
ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਦੀ ਟੀਮ ਨੇ 15 ਫ਼ਰਵਰੀ ਤੋਂ 2 ਅਪ੍ਰੈਲ ਦਰਮਿਆਨ ਕੋਵਿਡ -19 ਨਾਲ ਪੀੜਤ 5,911 ਮਰੀਜ਼ਾਂ ਦੀ ਜਾਂਚ ਕੀਤੀ। ਇਸ ਵਿੱਚੋਂ 104 ਮਰੀਜ਼ ਕੋਰੋਨਾ ਪੌਜ਼ੀਟਿਵ ਪਾਏ ਗਏ। ਇਹ ਸਾਰੇ ਮਰੀਜ਼ ਕੇਂਦਰ ਸ਼ਾਸਤ ਪ੍ਰਦੇਸ਼ ਦੇ 20 ਸੂਬਿਆਂ ਅਤੇ 52 ਜ਼ਿਲ੍ਹਿਆਂ ਦੇ ਸਨ। ਜਾਂਚ ਦੌਰਾਨ ਇਨ੍ਹਾਂ ਵਿੱਚੋਂ 40 ਪੌਜ਼ੀਟਿਵ ਮਰੀਜ਼ਾਂ ਨੇ ਕਦੇ ਵਿਦੇਸ਼ ਯਾਤਰਾ ਨਹੀਂ ਕੀਤੀ ਅਤੇ ਨਾ ਹੀ ਉਸ ਦੇ ਕਦੇ ਕਿਸੇ ਵਿਦੇਸ਼ੀ ਯਾਤਰੀ ਨਾਲ ਸਬੰਧਤ ਰਹੇ ਹਨ। ਕੋਰੋਨਾ ਦੀ ਲਾਗ 15 ਸੂਬਿਆਂ ਦੇ 36 ਜ਼ਿਲ੍ਹਿਆਂ ਵਿੱਚ ਮਰੀਜ਼ਾਂ ਵਿੱਚ ਪਾਈ ਗਈ, ਜਿਨ੍ਹਾਂ ਦਾ ਕਿਸੇ ਯਾਤਰਾ ਦਾ ਕੋਈ ਇਤਿਹਾਸ ਨਹੀਂ ਸੀ।
ਆਈਸੀਐਮਆਰ ਦੀ ਰਿਪੋਰਟ ਕਹਿੰਦੀ ਹੈ ਕਿ ਜਿੱਥੇ ਅਜਿਹੇ ਮਰੀਜ਼ ਜ਼ਿਆਦਾ ਮਿਲ ਰਹੇ ਹਨ, ਉੱਥੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਜਦੋਂ ਆਈਸੀਐਮਆਰ ਨੇ 14 ਮਾਰਚ ਨੂੰ ਕੋਰੋਨਾ ਦੇ ਖਤਰੇ ਬਾਰੇ ਆਪਣੀ ਰਿਪੋਰਟ ਦਿੱਤੀ, ਤਾਂ ਇਸ ਨੇ ਕਮਿਊਨਿਟੀ ਦੇ ਖਤਰੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ, ਪਰ ਹੁਣ ਜੋ ਰਿਪੋਰਟ ਸੌਂਪੀ ਗਈ ਹੈ, ਉਹ ਚੰਗਾ ਸੰਕੇਤ ਨਹੀਂ ਦੇ ਰਹੀ ਹੈ।
ਕੀ ਹੈ ਕਮਿਊਨਿਟੀ ਟਰਾਂਸਮਿਸ਼ਨ
ਇਹ ਉਦੋਂ ਹੁੰਦਾ ਹੈ ਜਦੋਂ ਵਾਇਰਸ ਸੁਸਾਇਟੀ ਵਿੱਚ ਦਾਖਲ ਹੋ ਜਾਵੇ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦੇਵੇ। ਇਸ ਕਾਰਨ ਕਮਜ਼ੋਰ ਇਮਿਊਨਟੀ ਵਾਲੇ ਮਰੀਜ਼ਾਂ ਦੀ ਮੌਤ ਹੋਣ ਲੱਗ ਜਾਂਦੀ, ਪਰ ਇਹ ਵਾਇਰਸ ਪੀੜਤ ਤੋਂ ਕਿਸੇ ਸਿਹਤਮੰਦ ਵਿਅਕਤੀ ਤੱਕ ਵੀ ਪਹੁੰਚ ਜਾਂਦਾ ਹੈ।
ਇਹ ਵੀ ਪੜ੍ਹੋ: 'ਪੰਜਾਬ ਵਿੱਚ ਹੁਣ ਰੋਜ਼ਾਨਾ ਹੋਣਗੇ ਕੋਰੋਨਾ ਵਾਇਰਸ ਸਬੰਧੀ 800 ਟੈਸਟ'