ਨਵੀਂ ਦਿੱਲੀ: ਇੰਟੈਲੀਜੈਂਸ ਬਿਉਰੋ (ਆਈਬੀ) ਨੇ ਸੋਮਵਾਰ ਨੂੰ ਈਦ ਦੇ ਮੌਕੇ ਅੱਤਵਾਦੀ ਹਮਲੇ ਦੀ ਖ਼ਦਸ਼ਾ ਜਤਾਈ ਹੈ। ਆਈਬੀ ਨੇ ਈਦ ਦੇ ਮੌਕੇ 'ਤੇ ਇਸਲਾਮਿਕ ਸਟੇਟ (ਆਈਐਸ) ਅਤੇ ਆਈਐਸਆਈ ਸਮਰਥਿਤ ਅੱਤਵਾਦੀ ਸਮੂਹਾਂ ਵੱਲੋਂ ਭਾਰਤ ਵਿੱਚ ਹਮਲੇ ਦੀ ਯੋਜਨਾ ਬਣਾਉਣ ਬਾਰੇ ਅਲਰਟ ਜਾਰੀ ਕੀਤਾ ਹੈ। ਸ਼ੁੱਕਰਵਾਰ ਨੂੰ ਰਾਜ ਦੀ ਪੁਲਿਸ ਟੀਮਾਂ ਅਤੇ ਪੁਲਿਸ ਹੈਡਕੁਆਰਟਰਾਂ ਨੂੰ ਜਾਰੀ ਕੀਤੀ ਗਈ ਇੱਕ ਗੁਪਤ ਰਿਪੋਰਟ ਵਿੱਚ ਆਈਬੀ ਨੇ ਕਿਹਾ ਕਿ ਆਈਐਸਆਈ ਸਮਰਥਿਤ ਜੇਹਾਦੀ ਸਮੂਹ ਈਦ ਮੌਕੇ ਜੰਮੂ-ਕਸ਼ਮੀਰ ਅਤੇ ਦੇਸ਼ ਦੇ ਹੋਰ ਥਾਵਾਂ ‘ਤੇ ਅੱਤਵਾਦੀ ਹਮਲਾ ਕਰਵਾ ਸਕਦਾ ਹੈ।
ਸੂਤਰਾਂ ਮੁਤਾਬਕ ਇਸਲਾਮਿਕ ਸਟੇਟ ਅਤੇ ਪਾਕਿਸਤਾਨ ਸਮਰਥਿਤ ਕੱਟੜਪੰਥੀ ਅੱਤਵਾਦੀ ਸੰਗਠਨ ਭੀੜ ਭੜੱਕੇ ਵਾਲੀਆਂ ਥਾਵਾਂ ਜਿਵੇਂ ਬੱਸ ਅੱਡਾ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ ਅਤੇ ਹੋਰ ਮਹੱਤਵਪੂਰਨ ਥਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਆਈਬੀ ਦੇ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਆਈਐਸ ਲੰਮੇ ਸਮੇਂ ਤੋਂ ਭਾਰਤ ਵਿੱਚ ਦਹਿਸ਼ਤ ਫੈਲਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਹੈ, ਪਰ ਜੰਮੂ-ਕਸ਼ਮੀਰ 'ਚ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਵਿਚਕਾਰ ਵਿਰੋਧ ਦੀ ਭਾਵਨਾ ਜਾਗ ਗਈ ਹੈ। ਭਾਰਤ ਵਿੱਚ ਤਾਲਿਬਾਨ ਦੁਆਰਾ ਸਮਰਥਤ ਕੁਝ ਸਲੀਪਰ ਸੈੱਲ ਦੀ ਮੌਜੂਦਗੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਨੈਸ਼ਨਲ ਇੰਟੈਲੀਜੈਂਸ ਏਜੰਸੀ (ਐਨ.ਆਈ.ਏ.) ਨੇ ਸ੍ਰੀਲੰਕਾ ਵਿੱਚ ਈਸਟਰ ਬੰਬ ਧਮਾਕਿਆਂ ਨਾਲ ਕਥਿਤ ਤੌਰ 'ਤੇ ਜੁੜੇ ਅੱਤਵਾਦੀ ਸੈੱਲਾਂ ਦੀ ਭਾਲ ਲਈ ਕੇਰਲ ਸਮੇਤ ਕਈ ਰਾਜਾਂ ਵਿੱਚ ਛਾਪੇ ਮਾਰੇ ਸਨ ।