ਹੈਦਰਾਬਾਦ: ਸਥਾਨਕ ਪੁਲਿਸ ਨੇ ਇੱਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ ਜਿਸ ਨੇ ਇੱਕ ਮੁਸਲਮਾਨ ਡਲਿਵਰੀ ਬੁਆਏ ਤੋਂ ਭੋਜਨ ਲੈਣ ਤੋਂ ਮਨਾ ਕਰ ਦਿੱਤਾ ਸੀ। ਦਰਅਸਲ, ਹੈਦਰਾਬਾਦ ਦੇ ਅਲੀਬਾਦ ਖੇਤਰ ਵਿੱਚ ਅਜੈ ਕੁਮਾਰ ਨਾਂਅ ਦੇ ਇੱਕ ਵਿਅਕਤੀ ਨੇ ਮੁਸਲਿਮ ਡਲਿਵਰੀ ਬੁਆਏ ਮੁਦਾਸਿਰ ਤੋਂ ਭੋਜਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁਦਾਸਿਰ ਨੇ ਉਸ ਵਿਅਕਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਜਿਸ 'ਚ ਕਥਿਤ ਤੌਰ 'ਤੇ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਇੱਕ ਏਜੰਸੀ ਮੁਤਾਬਕ ਪੁਲਿਸ ਇੰਸਪੈਕਟਰ ਪੀ. ਸ੍ਰੀਨਿਵਾਸ ਨੇ ਦੱਸਿਆ ਕਿ ਸਵਿਗੀ ਦੇ ਡਲਿਵਰੀ ਬੁਆਏ ਮੁਦਾਸਿਰ ਸੁਲੇਮਾਨ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਇੱਕ ਗਾਹਕ ਨੇ ਆਡਰ ਦੇਣ ਤੋਂ ਬਾਅਦ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਮੁਸਲਮਾਨ ਸੀ।
ਉਥੇ ਹੀ, ਡਲਿਵਰੀ ਬੁਆਏ ਨੇ ਇਹ ਮਾਮਲਾ ਮੁਸਲਿਮ ਸੰਗਠਨ ਮਜਲਿਸ ਬਚਾਓ ਤਹਿਰੀਕ ਦੇ ਪ੍ਰਧਾਨ ਅਮਜਦ ਉੱਲ੍ਹਾ ਖਾਨ ਕੋਲ ਵੀ ਉਠਾਇਆ ਜਿਸ ਨੇ ਆਪਣੇ ਟਵਿੱਟ 'ਤੇ ਇਹ ਮਾਮਲਾ ਸਾਂਝਾ ਕਰਦਿਆਂ ਕਿਹਾ ਕਿ ਇੱਕ ਵਿਅਕਤੀ ਨੇ ਚਿਕਨ -65 ਦਾ ਆਡਰ ਦਿੱਤਾ ਸੀ ਅਤੇ ਇੱਕ ਹਿੰਦੂ ਡਲਿਵਰੀ ਬੁਆਏ ਨੂੰ ਭੇਜਣ ਦੀ ਬੇਨਤੀ ਕੀਤੀ ਸੀ। ਪਰ, ਸਵਿਗੀ ਨੇ ਮੁਸਲਿਮ ਲੜਕੇ ਨੂੰ ਡਲਿਵਰੀ ਪਾਰਸਲ ਲਈ ਭੇਜ ਦਿੱਤਾ ਜਿਸ ਤੋਂ ਬਾਅਦ ਉਸ ਨੇ ਪਾਰਸਲ ਲੈਣ ਤੋਂ ਇਨਕਾਰ ਕਰ ਦਿੱਤਾ।
ਇਸ ਮਾਮਲੇ ਵਿੱਚ ਸਵਿਗੀ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਹਰ ਕਿਸਮ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹਨ। ਹਰ ਆਰਡਰ ਸਥਾਨ ਦੇ ਆਧਾਰ 'ਤੇ ਡਿਲਿਵਰੀ ਬੁਆਏ ਨੂੰ ਦਿੱਤਾ ਜਾਂਦਾ ਹੈ। ਆਰਡਰ ਕਿਸੇ ਵਿਅਕਤੀ ਦੀ ਪਸੰਦ ਦੇ ਅਧਾਰ 'ਤੇ ਨਹੀਂ ਦਿੱਤੇ ਜਾਂਦੇ। ਅਸੀਂ ਇੱਕ ਸੰਗਠਨ ਦੇ ਤੌਰ 'ਤੇ, ਕਿਸੇ ਵੀ ਅਧਾਰ' 'ਤੇ ਆਪਣੇ ਡਿਲਿਵਰੀ ਲੜਕੇ ਅਤੇ ਖਪਤਕਾਰਾਂ ਵਿੱਚ ਵਿਤਕਰਾ ਨਹੀਂ ਕਰਦੇ।