ਚੰਡੀਗੜ੍ਹ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪੂਰੇ ਦੇਸ਼ ਦੇ ਵੱਖ ਵੱਖ ਸੂਬਿਆਂ ਅਤੇ ਇਲਾਕਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਆਪਣੇ ਘਰ ਵਾਪਸ ਪਰਤਨ ਲਈ ਮੰਜ਼ੂਰੀ ਦੇਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਵਾਜਾਈ ਲਈ ਗੱਡੀਆਂ ਦੀ ਵਰਤੋਂ ਨੂੰ ਮੰਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਮਈ (ਕੌਮਾਂਤਰੀ ਮਜ਼ਦੂਰ ਦਿਵਸ) ਤੋਂ ਮਜ਼ਦੂਰਾਂ ਲਈ ਸਪੈਸ਼ਲ ਗੱਡੀਆਂ ਚਲਾਈਆਂ ਜਾਣਗੀਆਂ।
ਦੱਸਣਯੋਗ ਹੈ ਕਿ ਲੌਕਡਾਊਨ 'ਚ ਫਸੇ ਲੋਕਾਂ ਨੂੰ ਘਰ ਵਾਪਸ ਭੇਜਣ ਸਬੰਧੀ ਸੁਵਿਧਾ ਦੇਣ ਲਈ ਪੰਜਾਬ ਸਣੇ ਬਿਹਾਰ ਅਤੇ ਤੇਲੰਗਾਨਾ ਦੀਆਂ ਰਾਜ ਸਰਕਾਰਾਂ ਨੇ ਕੇਂਦਰ ਨੂੰ ਖ਼ਾਸ ਗੱਡੀਆਂ ਚਲਾਉਣ ਦੀ ਮੰਗ ਕੀਤੀ ਸੀ। ਰੇਲ ਵਿਭਾਗ ਨੇ ਰਾਜਾਂ ਨੂੰ ਇੱਕ ਨੋਡਲ ਅਧਿਕਾਰੀ ਨਿਯੁਕਤ ਕਰਨ ਅਤੇ ਟਿਕਟਾਂ ਦੀ ਵੰਡ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਇਨ੍ਹਾਂ ਸਾਰੇ ਕਾਰਜਾਂ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਧਿਆਨ ਰੱਖਣ ਦੀ ਹਦਾਇਤ ਵੀ ਦਿੱਤੀ ਹੈ।
ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਰੇਲ ਵਿਭਾਗ ਨੇ ਰਾਜਾਂ ਨੂੰ ਗੱਡੀਆਂ 'ਤੇ ਚੜਣ ਤੋਂ ਪਹਿਲਾਂ ਹਰ ਬੰਦੇ ਦੀ ਸਕਰੀਨਿੰਗ ਕਰਨ ਅਤੇ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਗੱਡੀਆਂ 'ਤੇ ਚੜਾਉਣ ਲਈ ਕਿਹਾ ਜਿਨ੍ਹਾਂ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਜਾਂਦੇ। ਵਿਭਾਗ ਨੇ ਇਹ ਵੀ ਕਿਹਾ ਕਿ ਫਸੇ ਹੋਏ ਲੋਕਾਂ ਨੂੰ ਭੇਜਣ ਅਤੇ ਪ੍ਰਾਪਤ ਕਰਨ ਲਈ ਖ਼ਾਸ ਗੱਡੀਆਂ ਪ੍ਰੋਟੋਕੋਲ ਅਧੀਨ ਦੋਵਾਂ ਰਾਜਾਂ ਦੀ ਬੇਨਤੀ 'ਤੇ ਹੀ ਚਲਾਈਆਂ ਜਾਣਗੀਆਂ।