ਊਜੈਨ: ਕਾਨਪੁਰ ਐਨਕਾਊਂਟਰ ਦੇ ਮਾਸਟਰਮਾਈਂਡ ਵਿਕਾਸ ਦੂਬੇ ਨੂੰ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮੰਦਰ ਪਹੁੰਚਿਆ ਅਤੇ ਆਪਣੀ ਮੌਜੂਦਗੀ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਨੇ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰ ਲਿਆ। ਤਾਜ਼ਾ ਜਾਣਕਾਰੀ ਮੁਤਾਬਕ ਉਜੈਨ ਪੁਲਿਸ ਵੱਲੋਂ ਵਿਕਾਸ ਦੂਬੇ ਨੂੰ ਵੀਡੀਓ ਕਾਨਫ਼ਰਸਿੰਗ ਰਾਹੀਂ ਜੱਜ ਸਾਹਮਣੇ ਪੇਸ਼ ਕੀਤਾ ਗਿਆ ਹੈ।
ਵਿਕਾਸ ਦੂਬੇ ਨੂੰ ਕੋਰਟ ਵਿੱਚ ਪੇਸ਼ ਕਰਨ ਤੋਂ ਪਹਿਲਾਂ ਵਕੀਲਾਂ ਨੇ ਕੋਰਟ ਦੇ ਬਾਹਰ ਹੰਗਾਮਾ ਕਰ ਦਿੱਤਾ ਹੈ। ਵਕੀਲਾਂ ਨੇ ਵਿਕਾਸ ਦੂਬੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਿਕਾਸ ਦੂਬੇ ਕੋਲੋਂ ਬਰਾਮਦ ਹੋਏ ਦਸਤਾਵੇਜ਼
ਜਾਣਕਾਰੀ ਮੁਤਾਬਕ ਵਿਕਾਸ ਦੂਬੇ ਕੋਲੋਂ ਗਵਾਲੀਅਰ ਦੇ ਦਸਤਾਵੇਜ਼ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਦੂਬੇ ਦੇ ਸ਼ੁਭਮ ਨਾਂਅ ਦੇ ਦਸਤਾਵੇਜ਼ ਬਣੇ ਹੋਏ ਹਨ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕੀਤੀ ਉਜੈਨ ਪੁਲਿਸ ਦੀ ਸ਼ਲਾਘਾ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਸਵੇਰੇ ਉਜੈਨ ਪੁਲਿਸ ਵੱਲੋਂ ਲੋੜੀਂਦੇ ਗੈਂਗਸਟਰ ਵਿਕਾਸ ਦੂਬੇ ਨੂੰ ਗ੍ਰਿਫਤਾਰ ਕੀਤੇ ਜਾਣ ਉੱਤੇ ਵਧਾਈ ਦਿੱਤੀ।
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵਿਕਾਸ ਦੂਬੇ ਦੀ ਗ੍ਰਿਫਤਾਰੀ ਨੂੰ ਲੈ ਕੇ ਮੱਧ ਪ੍ਰਦੇਸ਼ ਸਰਕਾਰ ਅੱਗੇ ਕੁੱਝ ਸਵਾਲ ਚੁੱਕੇ ਹਨ।
ਵਿਕਾਸ ਦੂਬੇ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਮੱਧ ਪ੍ਰਦੇਸ਼ ਵਿੱਚ ਹਨ। ਉਹ ਹਰ ਸਾਲ ਉਜੈਨ ਮਹਾਕਾਲ ਮੰਦਰ ਦਾ ਦੌਰਾ ਕਰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕੀ ਕਹਿ ਰਹੀ ਹਾਂ, ਸਰਕਾਰ ਉਹੀ ਕਰ ਰਹੀ ਹੈ ਜੋ ਉਚਿਤ ਹੈ।
ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵਿਕਾਸ ਦੂਬੇ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰਨ ਜਾ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ ਵਿਕਾਸ ਦੂਬੇ ਨੂੰ ਟਰਾਂਜਿਟ ਰਿਮਾਂਡ ਉੱਤੇ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਯੂਪੀ ਪੁਲਿਸ ਅਤੇ ਮੱਧ ਪ੍ਰਦੇਸ਼ ਪੁਲਿਸ ਨੇ ਅਧਿਕਾਰਤ ਤੌਰ 'ਤੇ ਵਿਕਾਸ ਦੂਬੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।
ਇਸ ਤੋਂ ਪਹਿਲਾਂ ਯੂਪੀ ਪੁਲਿਸ ਨੇ ਵਿਕਾਸ ਨੂੰ ਫੜਨ ਲਈ ਕਈ ਟੀਮਾਂ ਅਤੇ ਐਸਟੀਐਫ ਦਾ ਗਠਨ ਕੀਤਾ ਸੀ। ਵੀਰਵਾਰ ਨੂੰ ਯੂਪੀ ਪੁਲਿਸ ਦੀ ਕਾਰਵਾਈ ਦੌਰਾਨ ਵਿਕਾਸ ਦੂਬੇ ਦੇ ਦੋ ਸਾਥੀ ਮਾਰੇ ਗਏ ਸਨ।
ਦੱਸ ਦਈਏ ਕਿ ਵੀਰਵਾਰ ਦੇਰ ਰਾਤ ਕਾਨਪੁਰ ਦੇ ਚੌਬੇਪੁਰ ਥਾਣਾ ਖੇਤਰ ਵਿੱਚ ਹਿਸਟਰੀਸ਼ੀਟਰ ਵਿਕਾਸ ਦੂਬੇ ਦੇ ਘਰ ਗਈ ਪੁਲਿਸ ਟੀਮ ਉੱਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਸੀਓ ਸਮੇਤ ਅੱਠ ਪੁਲਿਸ ਮੁਲਾਜ਼ਮ ਮਾਰੇ ਗਏ ਜਿਸ ਤੋਂ ਬਾਅਦ ਪੁਲਿਸ ਉੱਤਰ ਪ੍ਰਦੇਸ਼ ਨਾਲ ਜੁੜੇ ਸਾਰੇ ਰਾਜਾਂ ਵਿੱਚ ਵਿਕਾਸ ਦੀ ਭਾਲ ਕਰ ਰਹੀ ਸੀ।