ਹਿਮਾਚਲ ਪ੍ਰਦੇਸ਼: ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਈਟੀਵੀ ਭਾਰਤ ਦੀ ਟੀਮ ਖ਼ਾਲਸੇ ਦੇ ਨਾਨਕੇ ਗੁਰੂ ਕਾ ਲਾਹੌਰ ਵਿਖੇ ਪਹੁੰਚੀ। ਦੱਸ ਦਈਏ, ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਵਿੱਚ ਗੁਰੂ ਕਾ ਲਾਹੌਰ ਵਿਖੇ ਹੋਇਆ ਸੀ।
ਦਰਅਸਲ, ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪਾਕਿਸਤਾਨ ਦੇ ਲਾਹੌਰ ਵਿਚ ਰਹਿਣ ਵਾਲੇ ਹਰਜੀਤ ਸਿੰਘ ਦੀ ਧੀ ਜੀਤੋ ਜੀ ਨਾਲ ਹੋਇਆ ਸੀ। ਇਸ ਸਮੇਂ ਦੌਰਾਨ, ਜਦੋਂ ਭਾਈ ਹਰਜਸ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਰਾਤ ਲਾਹੌਰ ਲਿਆਉਣ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਲਾਹੌਰ ਆਉਣ ਤੋਂ ਇਨਕਾਰ ਕਰ ਦਿੱਤਾ।
ਉੱਥੇ ਹੀ ਭਾਈ ਹਰਜਸ ਸਿੰਘ ਜੀ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਕਰਕੇ ਉਨ੍ਹਾਂ ਨੇ ਉਸ ਥਾਂ ਨੂੰ ਹੀ ਲਾਹੌਰ ਬਣਾ ਲਿਆ ਸੀ। ਇਸ ਵਿਆਹ ਦੀ ਖ਼ਾਸ ਗੱਲ ਇਹ ਰਹੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ਨੂੰ ਪੂਰਾ ਲਾਹੌਰ ਵਾਂਗੂ ਸਜਾਇਆ ਸੀ। ਉਸ ਵੇਲੇ ਜੋ ਲਾਹੌਰ ਦਾ ਨਕਸ਼ਾ ਸੀ, ਉਸ ਨਕਸ਼ੇ ਦੀ ਤਰਜ 'ਤੇ ਦਸਮ ਪਾਤਸ਼ਾਹ ਨੇ ਵਿਆਹ ਵਾਲੀ ਥਾਂ ਨੂੰ ਸਜਾਇਆ ਤੇ ਉਦੋਂ ਤੋਂ ਉਸ ਧਰਤੀ ਨੂੰ ਗੁਰੂ ਕਾ ਲਾਹੌਰ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ।
ਇਹੀ ਕਾਰਨ ਹੈ ਕਿ ਹਰ ਸਾਲ ਬਸੰਤ ਪੰਚਮੀ ਦੇ ਦਿਨ ਗੁਰੂ ਕਾ ਲਾਹੌਰ ਵਿਖੇ ਗੁਰੂ ਸਾਹਿਬ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਇੱਕ ਜੋੜ ਮੇਲਾ ਲੱਗਦਾ ਹੈ। ਇਸ ਦੇ ਨਾਲ ਹੀ ਵਿਆਹ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਤੇ ਪੂਰੀਆਂ ਤਿਆਰੀਆਂ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਬਰਾਤ ਆਉਂਦੀ ਹੈ। ਇਸ ਮੌਕੇ ਵਿਆਹ ਵਾਂਗੂ ਗੁਰੂ ਕਾ ਲਾਹੌਰ ਵਿਖੇ ਸਮਾਗਮ ਕਰਵਾਇਆ ਜਾਂਦਾ ਹੈ। ਸੰਗਤ ਦੂਰ-ਦੂਰ ਤੋਂ ਆ ਕੇ ਇੱਥੇ ਨਤਮਸਤਕ ਹੁੰਦੀ ਹੈ।