ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਬੱਦਲ ਹੋਣ ਕਾਰਨ ਪਾਰੇ 'ਚ ਥੋੜੀ ਜਿਹਾ ਵਾਧਾ ਹੋਇਆ ਪਰ ਕਈ ਇਲਾਕਿਆਂ 'ਚ ਤਾਪਮਾਨ ਹਾਲੇ ਵੀ ਬਹੁਤ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ ਪੂਰੇ ਸੂਬੇ 'ਚ ਹਾਲੇ ਹੋਰ ਮੀਂਹ ਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਤੱਕ ਬਹੁਤ ਜ਼ਿਆਦਾ ਬਰਫ਼ਬਾਰੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ 'ਚ ਕਿਨੌਰ ਜ਼ਿਲ੍ਹੇ ਦੇ ਕਲਪਾ ਚ ਥੋੜ੍ਹੀ ਬਰਫ਼ਬਾਰੀ ਹੋਈ ਹੈ। ਇਥੇ ਤਾਪਮਾਨ ਜ਼ੀਰੋ ਤੋਂ 4 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ ਹੈ।
ਲਾਹੌਲ-ਸਪਿਤੀ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 11.3 ਡਿਗਰੀ ਸੈਲਸੀਅਸ ਦਰਜ ਹੋਇਆ। ਖੂਬਸੂਰਤ ਟੂਰਿਸਟ ਪਲੇਸ ਮਨਾਲੀ ਜੋ ਪਿਛਲੇ ਹਫਤੇ ਹੋਈ ਬਰਫਬਾਰੀ ਤੋਂ ਬਾਅਦ ਹਾਲੇ ਵੀ ਬਰਫ ਦੀ ਮੋਟੀ ਚਾਦਰ 'ਚ ਲਿਪਟਿਆ ਹੋਇਆ ਹੈ, ਦਾ ਤਾਪਮਾਨ ਜ਼ੀਰੋ ਤੋਂ 0.8 ਡਿਗਰੀ ਸੈਲਸੀਅਸ, ਡਲਹੌਜ਼ੀ ਚ 1.6 ਤੇ ਧਰਮਸ਼ਾਲਾ 'ਚ 3.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਸੂਬੇ ਦੀ ਰਾਜਧਾਨੀ ਸ਼ਿਮਲਾ 'ਚ 5.1 ਡਿਗਰੀ ਸੈਲਸੀਅਸ ਤਾਪਮਾਨ ਹੈ। ਪਿਛਲੇ ਹਫਤੇ ਹੋਈ ਬਰਫ਼ਬਾਰੀ ਤੋਂ ਬਾਅਦ ਸ਼ਿਮਲਾ ਦੇ ਕੁੱਝ ਇਲਾਕਿਆਂ ਜਿਵੇਂ ਕਿ ਮਾਲ ਰੋਡ, ਰਿਜ, ਯੂਐਸ ਕਲੱਬ ਤੇ ਜਾਖੂ ਹਿਲਸ 'ਚ ਹਾਲੇ ਵੀ ਬਰਫ਼ ਜੰਮੀ ਹੋਈ ਹੈ। ਇਸ ਤੋਂ ਇਲਾਵਾ ਸ਼ਿਮਲਾ ਦੇ ਆਲੇ-ਦੁਆਲੇ ਦੇ ਇਲਾਕੇ ਕੁਫ਼ਰੀ ਤੇ ਨਾਰਕੰਡਾ ਵੀ ਬਰਫ਼ ਦੀ ਮੋਟੀ ਚਾਦਰ 'ਚ ਲਿਪਟੇ ਹੋਏ ਹਨ।