ਨਵੀਂ ਦਿੱਲੀ: ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ 'ਤੇ ਅੱਜ ਇੰਗਲੈਂਡ ਦੀ ਇੱਕ ਅਦਾਲਤ ਵਿੱਚ ਸੁਣਵਾਈ ਹੋਵੇਗੀ। ਵਿਜੇ ਮਾਲਿਆ ਨੇ ਇੰਗਲੈਂਡ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਦੁਆਰਾ ਆਪਣੀ ਹਵਾਲਗੀ ਦੇ ਹੁਕਮ 'ਤੇ ਦਸਤਖ਼ਤ ਕਰਨ ਵਿਰੁੱਧ ਹਾਈਕੋਰਟ 'ਚ ਅਪੀਲ ਕਰਨ ਦੀ ਇਜਾਜ਼ਤ ਮੰਗੀ ਹੈ।
ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਵਿਰੁੱਧ ਦਾਇਰ ਇੱਕ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ। ਮਾਲਿਆ ਨੇ ਅਪੀਲ ਕੀਤੀ ਸੀ ਕਿ ਉਸ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ। ਇਸੇ ਹਫ਼ਤੇ ਹੁਣ ਉਸ ਦੀ ਨਵੀਂ ਅਪੀਲ 'ਤੇ ਜ਼ੁਬਾਨੀ ਸੁਣਵਾਈ ਹੋਵੇਗੀ। ਜਾਣਕਾਰੀ ਮੁਤਾਬਕ ਜੇ ਮਾਲਿਆ ਦੀ ਇਹ ਅਪੀਲ ਰੱਦ ਹੋ ਜਾਂਦੀ ਹੈ ਤਾਂ ਅਗਲੇ 28 ਦਿਨਾਂ 'ਚ ਉਸ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਬੈਂਕਾਂ ਨਾਲ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਵਿਜੇ ਮਾਲਿਆ ਜਾਂਚ ਦੌਰਾਨ ਹੀ ਮਾਰਚ 2016 'ਚ ਲੰਡਨ ਭੱਜ ਗਿਆ ਸੀ। ਮਾਲਿਆ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਅਤੇ ਭਾਰਤੀ ਜਾਂਚ ਏਜੰਸੀਆਂ ਲਗਾਤਾਰ ਕੋਸ਼ਿਸ਼ ਰਹੀਆਂ ਹਨ। ਦਸੰਬਰ 2018 'ਚ ਲੰਡਨ ਦੀ ਵੈਸਟਮਿੰਸਟਰ ਅਦਾਲਤ ਨੇ ਮਾਲਿਆ ਨੂੰ ਭਾਰਤ ਭੇਜਣ ਦਾ ਫ਼ੈਸਲਾ ਸੁਣਾਇਆ ਸੀ।