ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੌਕਡਾਊਨ ਦੌਰਾਨ ਬੰਦ ਰਹੀ ਨਿਜ਼ਾਮੂਦੀਨ ਦਰਗਾਹ 6 ਸਤੰਬਰ ਤੋਂ ਸਾਰੇ ਲੋਕਾਂ ਲਈ ਖੁੱਲ੍ਹਣ ਜਾ ਰਹੀ ਹੈ।
ਦਰਗਾਹ ਵਿੱਚ ਨਿਯਮਾਂ ਦੀ ਪਾਲਣਾ ਹੋ ਸਕੇ ਇਸ ਲਈ ਥਾਂ-ਥਾਂ 'ਤੇ ਸੋਸ਼ਲ ਡਿਸਟੈਂਸਿੰਗ ਦੇ ਨਿਸ਼ਾਨ ਬਣਾਏ ਗਏ ਹਨ। ਸੈਨੀਟਾਈਜ਼ੇਸ਼ਨ ਮਸ਼ੀਨ ਵੀ ਲਗਾਈ ਗਈ ਹੈ। ਦਰਅਸਲ, ਕਮੇਟੀ ਨੇ ਪਹਿਲਾਂ ਵੀ ਦਰਗਾਹ ਖੋਲ੍ਹਣ ਦਾ ਫ਼ੈਸਲਾ ਲਿਆ ਸੀ, ਪਰ ਉਸ ਫ਼ੈਸਲੇ ਨੂੰ ਵਾਪਸ ਲੈ ਲਿਆ ਗਿਆ ਸੀ।
ਦਰਗਾਹ ਦੇ ਇੰਚਾਰਜ ਸਈਦ ਅਦੀਬ ਨਿਜ਼ਾਮੀ ਨੇ ਦੱਸਿਆ, "ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਰਗਾਹ ਦੇ ਅੰਦਰ ਪ੍ਰਬੰਧ ਕੀਤੇ ਗਏ ਹਨ। ਦਰਗਾਹ 'ਤੇ ਆਉਣ ਵਾਲੇ ਹਰ ਵਿਅਕਤੀ ਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਕਰਕੇ ਅਸੀਂ ਲੋਕਾਂ ਲਈ ਥਾਂ-ਥਾਂ 'ਤੇ ਨਿਸ਼ਾਨ ਬਣਾਏ ਗਏ ਹਨ। ਦਰਗਾਹ 'ਤੇ ਆਉਣ ਵਾਲੇ ਹਰੇਕ ਵਿਅਕਤੀ ਨੂੰ ਮਾਸਕ ਪਹਿਨਣਾ ਪਵੇਗਾ।"
ਥਰਮਲ ਸਕ੍ਰੀਨਿੰਗ ਦਰਗਾਹ ਦੇ ਮੁੱਖ ਗੇਟ 'ਤੇ ਕੀਤੀ ਜਾਵੇਗੀ, ਤਾਪਮਾਨ ਸਹੀ ਹੋਣ 'ਤੇ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ਰਧਾਲੂਆਂ ਨੂੰ ਦੂਰੀ ਬਣਾ ਕੇ ਰੱਖਣੀ ਪਵੇਗੀ। ਦਰਗਾਹ ਵਿੱਚ ਕੈਮਰਿਆਂ ਨਾਲ ਲੋਕਾਂ ਦੀ ਨਿਗਰਾਨੀ ਕੀਤੀ ਜਾਏਗੀ।
ਸ਼ਰਧਾਲੂਆਂ ਨੂੰ ਦਰਗਾਹ ਦੇ ਅੰਦਰ ਨਹੀਂ ਰਹਿਣ ਦਿੱਤਾ ਜਾਵੇਗਾ। ਨਾ ਤਾਂ ਉਹ ਮਜ਼ਾਰ ਨੂੰ ਛੂਹ ਸਕਣਗੇ ਅਤੇ ਨਾ ਹੀ ਫੁੱਲ ਚੜ੍ਹਾ ਸਕਣਗੇ। ਦਰਗਾਹ ਦੇ ਅੰਦਰ ਵੁਜੂ (ਹੱਥ ਮੂੰਹ ਧੋਣ) ਦੀ ਆਗਿਆ ਨਹੀਂ ਹੋਵੇਗੀ।