ਲਖਨਊ: ਹਾਥਰਸ ਮਾਮਲੇ ਦੀ ਜਾਂਚ ਕਰਨ ਲਈ ਬਣਾਈ ਗਈ ਐਸਆਈਟੀ ਟੀਮ ਦੇ ਮੈਂਬਰ ਉਨਾਵ 'ਚ ਤਾਇਨਾਤ ਡੀਆਈਜੀ ਚੰਦਰ ਪ੍ਰਕਾਸ਼ ਦੀ 36 ਸਾਲਾ ਪਤਨੀ ਪੁਸ਼ਪਾ ਦੀ ਭੇਤਭਰੇ ਹਲਾਤਾਂ 'ਚ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਡੀਆਈਜੀ ਦੀ ਪਤਨੀ ਨੇ ਲਖਨਊ ਦੇ ਸੁਸ਼ਾਂਤ ਗੋਲਫ ਸਿੱਟੀ ਥਾਣੇ ਦੇ ਖੇਤਰ 'ਚ ਸਥਿਤ ਘਰ 'ਤੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਡੀਆਈਜੀ ਦੀ ਪਤਨੀ ਨੇ ਸਵੇਰੇ 11 ਵਜੇ ਦੇ ਕਰੀਬ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਉਸ ਨੂੰ ਇਲਾਜ ਲਈ ਤੁਰੰਤ ਲੋਹੀਆ ਹਸਪਤਾਲ ਪਹੁੰਚਾਇਆ। ਇਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਅਜੇ ਤੱਕ ਖ਼ੁਦਕੁਸ਼ੀ ਦੇ ਸਹੀ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਸੁਸ਼ਾਂਤ ਗੋਲਫ ਸਿੱਟੀ ਦੇ ਐਸਐਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੀਆਈਜੀ ਚੰਦਰ ਪ੍ਰਕਾਸ਼ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਦੇ ਹੀ ਉਨ੍ਹਾਂ ਨੂੰ ਲੋਹੀਆ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ ਗਿਆ। ਡੀਆਈਜੀ ਚੰਦਰ ਪ੍ਰਕਾਸ਼ ਨੇ ਇਸ ਮਾਮਲੇ ਵਿੱਚ ਅਜੇ ਤੱਕ ਪੁਲਿਸ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ 'ਚ ਜੁੱਟੀ ਹੋਈ ਹੈ।