ਚੰਡੀਗੜ੍ਹ: ਸਾਧਵੀ ਜਬਰ ਜਨਾਹ ਮਾਮਲੇ ਵਿੱਚ ਸਜ਼ਾਯਾਫ਼ਤਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਪੈਰੋਲ ਲਈ ਪਟੀਸ਼ਨ ਦਾਖ਼ਲ ਕੀਤੀ ਸੀ। ਇਸ ਬਾਰੇ ਹਰਿਆਣਾ ਸਰਕਾਰ ਨੇ ਖੁਫੀਆ ਏਜੰਸੀਆਂ ਤੋਂ ਰਿਪੋਰਟ ਮੰਗੀ ਹੈ।
ਦੱਸ ਦਈਏ ਰਾਮ ਰਹੀਮ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਪੈਰੋਲ ਤੇ ਬਾਹਰ ਜਾ ਕੇ ਖੇਤੀ ਬਾੜੀ ਕਰਨਾ ਚਾਹੁੰਦਾ ਹੈ। ਰਾਮ ਰਹੀਮ ਨੇ 42 ਦਿਨਾਂ ਲਈ ਪੈਰੋਲ ਮੰਗੀ ਹੈ। ਜਾਣਕਾਰੀ ਮੁਤਾਬਕ ਜੇਲ੍ਹ ਕਾਨੂੰਨ ਮੁਤਾਬਕ ਕੈਦੀ ਇੱਕ ਸਾਲ ਬਾਅਦ ਪੈਰੋਲ ਲਈ ਅਰਜ਼ੀ ਦੇ ਸਕਦਾ ਹੈ।
ਬੀਤੇ ਦਿਨ ਜੇਲ ਸੁਪਰਡੈਂਟ ਨੇ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਤੋਂ ਇੱਕ ਰਿਪੋਰਟ ਮੰਗੀ ਹੈ ਜਿਸ ਵਿੱਚ ਇਹ ਪੁੱਛਿਆ ਗਿਆ, 'ਕੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣਾ ਠੀਕ ਹੈ ਜਾਂ ਨਹੀ?'
ਡੇਰਾ ਸੱਚਾ ਸੌਦਾ ਮੁਖੀ ਨੂੰ ਸੀਬੀਆਈ ਕੋਰਟ ਵੱਲੋਂ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ 25 ਅਗਸਤ 2017 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸੀਬੀਆਈ ਕੋਰਟ ਨੇ ਦੋਹਾਂ ਮਾਮਲਿਆਂ 10-10 ਸਾਲ ਦੀ ਸਜ਼ਾ ਤੇ 15-15 ਲੱਖ ਰੁਪਏ ਜੁਰਮਾਨੇ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਵੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।