ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਇਸ ਵਾਰ ਭਾਜਪਾ, ਕਾਂਗਰਸ ਅਤੇ ਜੇਜੇਪੀ ਵਿਚਕਾਰ ਤਿਕੋਣਾ ਮੁਕਾਬਲਾ ਹੋ ਗਿਆ ਹੈ। ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬੀਜੇਪੀ ਨੂੰ 40 ਸੀਟਾਂ, ਕਾਂਗਰਸ 30, ਜੇਜੇਪੀ 10, ਆਈਐਨਐਲਡੀ-ਅਕਾਲੀ ਨੂੰ 1 ਸੀਟ ਮਿਲੀ ਹੈ। ਜਿੱਤ ਦੇ ਲਈ 46 ਸੀਟਾਂ ਦੀ ਜ਼ਰੂਰਤ ਹੈ ਤੇ ਬੀਜੇਪੀ ਬਹੁਮਤ ਦੇ ਲਈ ਸਿਰਫ਼ 6 ਸੀਟਾਂ ਤੋਂ ਦੂਰ ਹੈ।
ਕਿੰਗ ਮੇਕਰ ਬਣੇ ਦੁਸ਼ਯੰਤ ਚੌਟਾਲਾ
ਚੋਣਾਂ ਵਿੱਚ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ 10 ਸੀਟਾਂ ਜਿੱਤ ਕੇ ਕਿੰਗ ਮੇਕਰ ਬਣ ਗਈ ਹੈ। ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਦੁਸ਼ਯੰਤ ਚੌਟਾਲਾ ਹਰਿਆਣਾ ਵਿੱਚ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇ ਸਕਦੇ ਹਨ। ਹਾਲਾਂਕਿ ਪਹਿਲਾਂ ਇਹ ਖ਼ਬਰ ਆਈ ਸੀ ਕਿ ਜੇਜੇਪੀ ਨੇ ਕਾਂਗਰਸ ਨੂੰ ਸਮਰਥਨ ਦੇਣ ਲਈ ਮੁੱਖ ਮੰਤਰੀ ਦੇ ਅਹੁਦੇ ਦੀ ਸ਼ਰਤ ਰੱਖੀ ਸੀ। ਪਰ ਹੁਣ ਜੋ ਜਾਣਕਾਰੀ ਆ ਰਹੀ ਹੈ ਉਹ ਰਾਜ ਦੇ ਸਮੀਕਰਨ ਨੂੰ ਬਦਲ ਸਕਦੀ ਹੈ।
ਜਨਨਾਇਕ ਜਨਤਾ ਪਾਰਟੀ ਨੇ 10 ਸੀਟਾਂ ਜਿੱਤਣ ਤੋਂ ਬਾਅਦ ਕੱਲ੍ਹ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਇਸ ਤੋਂ ਬਾਅਦ ਦੁਪਹਿਰ 2 ਵਜੇ ਦਿੱਲੀ 'ਚ ਕੌਮੀ ਕਾਰਜਕਾਰਨੀ ਦੀ ਬੈਠਕ ਹੋਵੇਗੀ। ਦੁਸ਼ਯੰਤ ਚੌਟਾਲਾ ਦਾ ਕਹਿਣਾ ਹੈ ਕਿ ਅਸੀਂ ਫ਼ੈਸਲਾ ਕਰਾਂਗੇ ਕਿ ਸਾਨੂੰ ਭਾਜਪਾ ਦੇ ਨਾਲ ਜਾਣਾ ਹੈ ਜਾਂ ਕਾਂਗਰਸ ਨਾਲ, ਜਾਂ ਫ਼ਿਰ ਵਿਰੋਧੀ ਧਿਰ ਵਿਚ ਬੈਠਣਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਨੇ ਜਾਤ ਅਤੇ ਪਾਰਟੀ ਲਾਈਨ ਤੋਂ ਉਪਰ ਕੰਮ ਕੀਤਾ ਹੈ। ਅਸੀਂ ਰਾਜ ਵਿੱਚ 75 ਪ੍ਰਤੀਸ਼ਤ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਹਾਂ, ਕਿਸਾਨਾਂ ਨੂੰ ਸਹੀ ਕੀਮਤ ਅਤੇ ਮਹਿਲਾਵਾਂ ਦੀ ਸੁਰੱਖਿਆ ਚਾਹੁੰਦੇ ਹਾਂ।
40 ਸੀਟਾਂ 'ਤੇ ਸਿਮਟੀ BJP
ਹਰਿਆਣਾ ਵਿੱਚ 90 ਸੀਟਾਂ ਦਾ ਟੀਚਾ ਲੈ ਕੇ ਵਿਧਾਨ ਸਭਾ ਚੋਣਾਂ 'ਚ ਉਤਰੀ ਭਾਜਪਾ ਸਰਕਾਰ ਬਹੁਮਤ ਵੀ ਹਾਸਿਲ ਨਹੀਂ ਕਰ ਪਾਈ ਹੈ। ਭਾਜਪਾ 40 ਸੀਟਾਂ 'ਤੇ ਸਿਮਟ ਕੇ ਰਹਿ ਗਈ ਹੈ। ਖੱਟਰ ਸਰਕਾਰ ਵਿੱਚ ਕਈ ਵੱਡੇ ਮੰਤਰੀ ਚੋਣਾਂ ਵਿੱਚ ਹਾਰ ਗਏ ਹਨ। ਹਰਿਆਣਾ ਦੇ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਭਿਮਨਿਉ ਨਾਰਨੌਂਦ ਤੋਂ ਚੋਣ ਹਾਰ ਗਏ ਹਨ। ਇਸ ਤੋਂ ਅਲਾਵਾ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਵੀ ਚੋਣ ਹਾਰ ਗਏ ਹਨ। ਚੋਣਾਂ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਹੋਏ ਨੁਕਸਾਨ ਨੂੰ ਵੇਖਦਿਆਂ ਪਾਰਟੀ ਹਾਈ ਕਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦਿੱਲੀ ਬੁਲਾਇਆ ਹੈ।
ਮਨੋਹਰ ਲਾਲ ਖੱਟਰ ਕਰਨਗੇ ਸਰਕਾਰ ਬਣਾਉਣ ਦਾ ਦਾਅਵਾ
ਸੂਤਰਾਂ ਅਨੁਸਾਰ ਜਾਣਕਾਰੀ ਆ ਰਹੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਰਕਾਰ ਬਣਾਉਣ ਦਾ ਦਾਅਵਾ ਕਰ ਸਕਦੇ ਹਨ। ਖੱਟਰ ਨੇ ਹਰਿਆਣਾ ਦੇ ਰਾਜਪਾਲ ਸੱਤਿਆਵਰਤ ਨਾਰਾਇਣ ਆਰੀਆ ਨਾਲ ਮੁਲਾਕਾਤ ਦੀ ਮੰਗ ਕੀਤੀ ਹੈ।
ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਹੁੱਡਾ ਨੇ ਮੰਗਿਆ ਸਮਰਥਨ
ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਸਾਰੀਆਂ ਭਾਜਪਾ ਵਿਰੋਧੀ ਪਾਰਟੀਆਂ ਤੋਂ ਸਮਰਥਨ ਮੰਗਿਆ ਹੈ। ਹੁੱਡਾ ਨੇ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਭਾਜਪਾ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ, ਤਾਂ ਜੋ ਭਾਜਪਾ ਨੂੰ ਸੱਤਾ ਤੋਂ ਬਾਹਰ ਕੀਤਾ ਜਾ ਸਕੇ। ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਮੈਂ ਜੇਜੇਪੀ, ਇਨੈਲੋ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਭਾਜਪਾ ਵਿਰੁੱਧ ਲੜਾਈ ਵਿੱਚ ਸਾਡੇ ਨਾਲ ਸ਼ਾਮਲ ਹੋਣ।
ਕੈਪਟਨ ਨੇ ਕਾਂਗਰਸ ਵਰਕਰਾਂ ਨੂੰ ਦਿੱਤੀ ਵੱਧਾਈ
ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਵਿੱਚ ਕਾਂਗਰਸ ਦੇ ਵੱਧਿਆ ਪ੍ਰਦਰਸ਼ਨ ਨੂੰ ਵੇਖਦੇ ਹੋਏ ਸੂਬੇ ਦੇ ਸਾਬਕਾ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ ਅਤੇ ਪਾਰਟੀ ਵਰਕਰਾਂ ਨੂੰ ਵੱਧਾਈ ਦਿੱਤੀ ਹੈ। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਜੇ ਅਸੀਂ ਥੋੜੀ ਹੋਰ ਮਿਹਨਤ ਕਰ ਲੈਂਦੇ ਤਾਂ ਅਸੀਂ ਹਰਿਆਣਾ ਵਿੱਚ ਜਿੱਤ ਜਾਣਾ ਸੀ।