ਨਵੀਂ ਦਿੱਲੀ: ਸਰਕਾਰ ਨੇ ਪਰਵਾਸੀ ਮਜ਼ਦੂਰਾਂ ਅਤੇ ਵਿਦੇਸ਼ ਤੋਂ ਵਾਪਸ ਪਰਤਣ ਵਾਲਿਆਂ ਦੇ ਕੋਰੋਨਾ ਵਾਇਰਸ ਦੀ ਲਾਗ ਦੀ ਜਾਂਚ ਕਰਨ ਲਈ ‘ਆਰਟੀ-ਪੀਸੀਆਰ’ ਅਧਾਰਤ ‘ਪੂਲ ਟੈਸਟਿੰਗ’ ਕਰਨ ਦਾ ਫੈਸਲਾ ਕੀਤਾ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਵਿਦੇਸ਼ਾਂ ਤੋਂ ਪਰਤੇ ਲੋਕਾਂ, ਪਰਵਾਸੀਆਂ ਤੇ ਗ੍ਰੀਨ ਜ਼ੋਨ ਨੂੰ 'ਆਰਟੀ-ਪੀਸੀਆਰ' ਅਧਾਰਤ 'ਪੂਲ ਟੈਸਟਿੰਗ' ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਦੇ ਨਾਲ ਹੀ ਕਿਹਾ ਕਿ ਇਸ ਜਾਂਚ ਤਕਨੀਕ ਦੀ ਵਰਤੋਂ ਗ੍ਰੀਨ ਜ਼ੋਨ ਵਿਚ ਪੈਂਦੇ ਜ਼ਿਲ੍ਹਿਆਂ ਵਿਚ ਕੀਤੀ ਜਾਵੇਗੀ, ਜਿਥੇ ਹੁਣ ਤੱਕ ਜਾਂ ਪਿਛਲੇ 21 ਦਿਨਾਂ ਵਿਚ ਕੋਰੋਨਾ ਵਾਇਰਸ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
ਪੂਲ ਟੈਸਟਿੰਗ ਵਿਚ, ਬਹੁਤ ਸਾਰੇ ਲੋਕਾਂ ਦੇ ਨਮੂਨਿਆਂ ਦੀ ਜਾਂਚ ਇਕੱਠੀ ਕੀਤੀ ਜਾਂਦੀ ਹੈ ਅਤੇ ਜੇ ਕਿਸੇ ਪੂਲ ਵਿਚ ਲਾਗ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਉਸ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਨਮੂਨਿਆਂ ਦੀ ਵੱਖਰੀ ਜਾਂਚ ਕੀਤੀ ਜਾਂਦੀ ਹੈ ਅਤੇ ਲਾਗ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾਂਦਾ ਹੈ।
ਇਸ ਦੇ ਤਹਿਤ ਇਕੱਠਿਆਂ 25 ਲੋਕਾਂ ਦੀ ਚੋਣ ਕੀਤੀ ਜਾਵੇਗੀ ਅਤੇ ਲੈਬ ਦੇ ਕਰਮਚਾਰੀ ਸੁਰੱਖਿਆ ਵਾਲੇ ਕਪੜੇ, ਦਸਤਾਨੇ ਅਤੇ ਐਨ 95 ਦੇ ਮਾਸਕ ਪਾ ਕੇ ਨਿਯਮਾਂ ਦੀ ਪਾਲਣਾ ਕਰਨਗੇ।
ਦਿਸ਼ਾ-ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਇਸ ਤਹਿਤ 25 ਨਮੂਨਿਆਂ ਦੀ ਟ੍ਰਿਪਲ-ਲੇਅਰ ਵਾਲੀ ਪੈਕੇਜਿੰਗ ਕੀਤੀ ਜਾਵੇਗੀ ਅਤੇ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਨ੍ਹਾਂ ਨੂੰ ਨਿਰਧਾਰਤ ਪ੍ਰਯੋਗਸ਼ਾਲਾ ਤੱਕ ਪਹੁੰਚਇਆ ਜਾਵੇਗਾ।