ਨਵੀਂ ਦਿੱਲੀ: ਕੜਕੜਡੂਮਾ ਅਦਾਲਤ ਨੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਮੁਲਜ਼ਮਾਂ ਮਨੋਜ ਕੁਮਾਰ ਅਤੇ ਪ੍ਰਦੀਪ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ 30 ਜਨਵਰੀ ਨੂੰ ਸਜ਼ਾ ਬਾਰੇ ਬਹਿਸ ਕਰੇਗੀ।
ਦੋਸ਼ੀ ਨੇ ਪੱਤਰਕਾਰਾਂ ‘ਤੇ ਕੀਤਾ ਹਮਲਾ
ਇਸ ਕੇਸ ਦੇ ਫੈਸਲੇ ਤੋਂ ਬਾਅਦ ਦੋਸ਼ੀਆਂ ਨੂੰ ਅਦਾਲਤ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ, ਜਿਸ ਦੌਰਾਨ ਦੋਸ਼ੀ ਮਨੋਜ ਨੇ ਵੀਡੀਓ ਬਣਾ ਰਹੇ ਪੱਤਰਕਾਰਾਂ ਨੂੰ ਥੱਪੜ ਮਾਰਿਆ ਅਤੇ ਮੋਬਾਈਲ ਤੋੜਨ ਦੀ ਕੋਸ਼ਿਸ਼ ਕੀਤੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਸ ਘਟਨਾ ਨੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ। ਸਾਡੇ ਸਮਾਜ ਵਿੱਚ ਨਾਬਾਲਗ਼ ਲੜਕੀਆਂ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ।
ਇਹ ਘਟਨਾ 15 ਅਪ੍ਰੈਲ 2013 ਨੂੰ ਵਾਪਰੀ ਸੀ। 2013 ਵਿੱਚ, ਗੁਡੀਆ ਸਿਰਫ 5 ਸਾਲ ਦੀ ਸੀ। ਉਹ ਅਪ੍ਰੈਲ 2013 ਦੀ ਸ਼ਾਮ ਨੂੰ ਲਾਪਤਾ ਹੋ ਗਈ ਸੀ ਤੇ 17 ਅਪ੍ਰੈਲ 2013 ਨੂੰ ਬਰਾਮਦ ਕੀਤੀ ਗਈ ਸੀ। ਗੂਡੀਆ ਨੂੰ ਜ਼ਖ਼ਮੀ ਹਾਲਤ ਵਿੱਚ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਕਈ ਦਿਨ ਗੁੜੀਆ ਦੀ ਹਾਲਤ ਨਾਜ਼ੁਕ ਬਣੀ ਰਹੀ ਸੀ। ਡਾਕਟਰਾਂ ਨੇ ਉਸ ਦੇ ਸਰੀਰ ਦੇ ਅੰਦਰੋਂ ਇੱਕ ਬੋਤਲ ਤੇਲ ਅਤੇ ਇੱਕ ਮੋਮਬੱਤੀ ਕੱਢੀ ਸੀ।
‘59 ਗਵਾਹਾਂ ਦੇ ਬਿਆਨ ਹੋਏ ਸੀ ਦਰਜ
ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫ਼ਆਈਆਰ ਵਿੱਚ ਮੁਲਜ਼ਮ ਵਿਰੁੱਧ ਬਲਾਤਕਾਰ, ਕਤਲ ਦੀ ਕੋਸ਼ਿਸ਼, ਅਗਵਾ ਅਤੇ ਪੋਕਸੋ ਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਅਦਾਲਤ ਨੇ ਕੁੱਲ 59 ਗਵਾਹਾਂ ਦੇ ਬਿਆਨ ਦਰਜ ਕੀਤੇ ਹਨ।