ਨਵੀਂ ਦਿੱਲੀ: ਤਿੰਨ ਸਾਲਾਂ ਦੀ ਦੇਰੀ ਤੋਂ ਬਾਅਦ ਆਖਰਕਾਰ ਕੇਂਦਰ ਸਰਕਾਰ ਨੇ ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਜਾਰੀ ਕੀਤੇ ਹਨ। ਕੇਂਦਰੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਨੇ ਇਹ ਰਿਪੋਰਟ ਜਾਰੀ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਸਾਲ 2016 ਵਿੱਚ ਕੁੱਲ 11,379 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ।
ਇਸ ਅੰਕੜੀਆਂ ਮੁਤਾਬਕ ਹਰ ਮਹੀਨੇ 948 ਤੇ ਹਰ ਦਿਨ 31 ਕਿਸਾਨ ਖੁਦਕੁਸ਼ੀ ਕਰਦੇ ਹਨ। ਪਿਛਲੇ ਸਾਲ ਜੁਲਾਈ 2018 ਵਿੱਚ ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਦੱਸਿਆ ਕਿ ਸਾਲ 2016 ਵਿੱਚ ਭਾਰਤ ਵਿਚ 11,370 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਪਰ ਸਰਕਾਰ ਨੇ ਕਿਹਾ ਸੀ ਕਿ ਇਹ ਅੰਤਰਿਮ ਅੰਕੜਾ ਹੈ ਅਤੇ ਅੰਤਮ ਰਿਪੋਰਟ ਐਨਸੀਆਰਬੀ ਨੂੰ ਜਾਰੀ ਨਹੀਂ ਕੀਤੀ ਗਈ ਸੀ।
ਸਰਕਾਰੀ ਅੰਕੜਿਆਂ ਅਨੁਸਾਰ ਸਾਲ 2016 ਵਿੱਚ ਕਿਸਾਨੀ ਖੁਦਕੁਸ਼ੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਸਾਲ 2014 ਵਿੱਚ 12,360 ਕਿਸਾਨਾਂ ਅਤੇ 2015 ਵਿੱਚ 12,602 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ, ਜਦੋਂਕਿ ਸਾਲ 2016 ਵਿੱਚ ਕੁਲ 11,379 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਹਾਲਾਂਕਿ ਇਸ ਨਵੀਂ ਰਿਪੋਰਟ ਵਿੱਚ ਐਨਸੀਆਰਬੀ ਨੇ ਕਿਸਾਨੀ ਖੁਦਕੁਸ਼ੀਆਂ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।
ਭਾਰਤ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਜ਼ਿਆਦਾਤਰ ਮਰਦ ਹਨ, ਜਦੋਂਕਿ ਇਸ ਵਿੱਚ ਮਹਿਲਾ ਕਿਸਾਨਾਂ ਦੀ ਗਿਣਤੀ ਦਾ ਸਿਰਫ 8.6% ਫ਼ੀਸਦੀ ਦੱਸੀ ਗਈ ਹੈ। ਇਸ ਮਤਭੇਦ ਦਾ ਇੱਕ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਖੇਤ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਵੱਡੀ ਗਿਣਤੀ ਨੂੰ ਕਿਸਾਨੀ ਦਾ ਦਰਜਾ ਨਹੀਂ ਦਿੱਤਾ ਜਾਂਦਾ ਹੈ।
ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਮਹਾਰਾਸ਼ਟਰ ਪਹਿਲੇ ਨੰਬਰ ਉੱਤੇ ਹੈ। ਸਾਲ 2016 ਵਿੱਚ ਇਸ ਰਾਜ ਵਿੱਚ ਸਭ ਤੋਂ ਵੱਧ 3,661 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਇਸ ਤੋਂ ਪਹਿਲਾਂ 2014 ਵਿੱਚ ਇੱਥੇ 4,004 ਅਤੇ 2015 ਵਿੱਚ 4,291 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਇੱਕ ਆਰਟੀਆਈ ਅਰਜ਼ੀ ਦੇ ਜਵਾਬ ਵਿੱਚ ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਸਾਲ 2013 ਤੋਂ 2018 ਦੇ ਵਿੱਚ ਰਾਜ 'ਚ ਕੁਲ 15,356 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਕਰਨਾਟਕ ਇਸ ਮਾਮਲੇ ਵਿੱਚ ਦੂਜੇ ਨੰਬਰ 'ਤੇ ਹੈ ਜਿਥੇ ਸਾਲ 2016 ਵਿੱਚ 2,079 ਕਿਸਾਨਾਂ ਨੇ ਖੁਦਕੁਸ਼ੀ ਕੀਤੀ।