ਹੈਦਰਾਬਾਦ: ਤੇਲੰਗਾਨਾ ਤੋਂ ਛੱਤੀਸਗੜ੍ਹ ਵਾਪਸ ਆਪਣੇ ਘਰ ਪਰਤਣ ਪੈਦਲ ਜਾ ਰਹੀ 12 ਸਾਲਾ ਲੜਕੀ ਦੀ 18 ਅਪ੍ਰੈਲ ਨੂੰ ਥਕਾਵਟ ਕਾਰਨ ਮੌਤ ਹੋ ਗਈ। ਲੜਕੀ 10 ਹੋਰਨਾਂ ਨਾਲ ਤਾਲਾਬੰਦੀ ਦੇ ਸਮੇਂ ਆਪਣੇ ਘਰ ਵਾਪਸ ਆ ਰਹੀ ਸੀ।
ਇਸ ਸਬੰਧ ਵਿੱਚ ਬੀਜਾਪੁਰ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਲੜਕੀ ਦੀ ਪੋਸਟਮਾਰਟਮ ਰਿਪੋਰਟ ਨਹੀਂ ਦੇਖੀ ਪਰ ਅਜਿਹਾ ਲਗਦਾ ਹੈ ਕਿ ਲੜਕੀ ਦੀ ਮੌਤ ਥਕਾਵਟ, ਇਲੈਕਟ੍ਰੋਲਾਈਟ ਅਸੰਤੁਲਨ ਜਾਂ ਸਰੀਰ ਦੇ ਪਾਣੀ ਦੀ ਘਾਟ ਕਾਰਨ ਹੋਈ ਹੈ।
ਉਨ੍ਹਾਂ ਦੱਸਿਆ ਕਿ ਸਾਰੇ 11 ਲੋਕ ਤੇਲੰਗਾਨਾ ਵਿੱਚ ਮਿਰਚਾਂ ਦੇ ਖੇਤਾਂ ਵਿੱਚ ਕੰਮ ਕਰਨ ਲਈ ਗਏ ਸਨ। ਤਾਲਾਬੰਦੀ ਦੌਰਾਨ ਤੇਲੰਗਾਨਾ ਤੋਂ ਵਾਪਿਸ ਆਉਣ ਦਾ ਕੋਈ ਸਾਧਨ ਨਹੀਂ ਸੀ ਜਿਸ ਕਰਕੇ ਸਾਰੇ ਲੋਕ ਪੈਦਲ ਹੀ ਆਪਣੇ ਘਰਾਂ ਨੂੰ ਚੱਲ ਪਏ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ ਸਾਢੇ 24 ਲੱਖ ਤੋਂ ਪਾਰ, 1 ਲੱਖ 70 ਹਜ਼ਾਰ ਮੌਤਾਂ
ਕੋਰੋਨਾ ਵਾਇਰਸ ਦੀ ਲਾਗ ਨਾਲ ਜੁੜੇ ਇਕ ਸਵਾਲ 'ਤੇ, ਸੀਐਮਐਚਓ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਤੇ ਸਾਵਧਾਨੀ ਵਜੋਂ ਨਮੂਨੇ ਜਾਂਚ ਲਈ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਨੈਗੇਟਿਵ ਆਈ ਹੈ, ਇਸ ਲਈ ਹੁਣ ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।