ਛਿੰਦਵਾੜਾ: ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਉਨ੍ਹਾਂ ਦੀ ਮਹਾਨਤਾ ਦਾ ਵਰਣਨ ਕਰਦੀਆਂ ਹਨ ਅਤੇ ਉਹ ਥਾਵਾਂ ਜਿੱਥੇ ਉਹ ਆਜ਼ਾਦੀ ਸੰਗਰਾਮ ਦੌਰਾਨ ਗਏ ਸਨ, ਉਨ੍ਹਾਂ ਨੂੰ ਅੱਜ ਵੀ ਸਾਡੀ ਕੌਮੀ ਵਿਰਾਸਤ ਵਜੋਂ ਸੰਭਾਲਿਆ ਜਾਂਦਾ ਹੈ। ਜਦ ਇਤਿਹਾਸ ਫਰੋਲ ਕੇ ਵੇਖਿਆ ਤਾਂ ਸਾਨੂੰ ਪਤਾ ਲੱਗਾ ਕਿ ਗਾਂਧੀ ਜੀ ਨੇ ਮੱਧ ਪ੍ਰਦੇਸ਼ ਦੀਆਂ 10 ਯਾਤਰਾਵਾਂ ਕੀਤੀਆਂ ਸਨ ਜਿਸ ਵਿੱਚੋਂ 6 ਜਨਵਰੀ 1921 ਨੂੰ ਆਪਣੀ ਛਿੰਦਵਾੜਾ ਵਿੱਚ ਤੀਜੀ ਫੇਰੀ ਦੌਰਾਨ ਉਨ੍ਹਾਂ ਅਸਹਿਯੋਗ ਅੰਦੋਲਨ ਦੀ ਨੀਂਹ ਰੱਖੀ।
1914 ਵਿੱਚ ਦੱਖਣੀ ਅਫ਼ਰੀਕਾ ਤੋਂ ਵਾਪਸ ਆਉਣ ਤੋਂ ਬਾਅਦ, ਗਾਂਧੀ ਦੇ ਰਾਜਨੀਤਿਕ ਸਲਾਹਕਾਰ ਗੋਪਾਲ ਕ੍ਰਿਸ਼ਨ ਗੋਖਲੇ ਨੇ ਉਨ੍ਹਾਂ ਨੂੰ ਦੇਸ਼ ਦਾ ਦੌਰਾ ਕਰਨ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ, 1920 ਵਿੱਚ, ਪਹਿਲੀ ਵਾਰ, ਗਾਂਧੀ ਜੀ ਨੇ ਨਾਗਪੁਰ ਵਿੱਚ ਕਾਂਗਰਸ ਦੇ ਕੌਮੀ ਸੰਮੇਲਨ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਅਸਹਿਯੋਗ ਅੰਦੋਲਨ ਦੇ ਮਤੇ ਨੂੰ ਪਾਸ ਕਰਨ ਲਈ ਜ਼ੋਰ ਦਿੱਤਾ। ਨਾਗਪੁਰ ਵਿੱਚ ਇੱਕ ਸੈਸ਼ਨ ਦੌਰਾਨ ਅਸਹਿਯੋਗ ਅੰਦੋਲਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ, 6 ਜਨਵਰੀ 1921 ਨੂੰ, ਮਹਾਤਮਾ ਗਾਂਧੀ ਛਿੰਦਵਾੜਾ ਗਏ। ਚਿਤਨਾਵੀਸ ਗੰਜ ਵਿੱਚ ਇੱਕ ਮੀਟਿੰਗ ਦੌਰਾਨ, ਉਨ੍ਹਾਂ ਅਸਹਿਯੋਗ ਅੰਦੋਲਨ ਦੇ ਉਦੇਸ਼ ਅਤੇ ਕਾਰਣ ਦੀ ਘੋਸ਼ਣਾ ਕੀਤੀ।
ਮਹਾਤਮਾ ਗਾਂਧੀ ਦੀਆਂ ਕੁਰਬਾਨੀਆਂ ਨੂੰ ਅੱਜ ਵੀ ਸਾਡੀ ਕੌਮ ਦੇ ਲੋਕ ਯਾਦ ਕਰਦੇ ਨੇ। ਮੱਧ ਪ੍ਰਦੇਸ਼ ਨਾਲ ਬਾਪੂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਯਾਦਾਂ ਨੂੰ ਕਾਇਮ ਰੱਖਣ ਲਈ ਕਈ ਪਿੰਡਾਂ ਅਤੇ ਕਸਬਿਆਂ ਦਾ ਨਾਮ ਗਾਂਧੀ ਦੇ ਨਾਂ ਨਾਲ ਰੱਖਿਆ ਗਿਆ ਹੈ।