ਭਾਰਤ ਦੇ ਸੁਤੰਤਰਤਾ ਸੰਗਰਾਮ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਅਹਿਮ ਭੂਮਿਕਾ ਨਿਭਾਈ ਹੈ। ਮਹਾਤਮਾ ਗਾਂਧੀ ਆਪਣੇ ਜੀਵਨ ਕਾਲ ਦੌਰਾਨ ਬਾਪੂ ਦੋ ਵਾਰ ਛੱਤੀਸਗੜ੍ਹ ਆਏ ਸਨ। ਬਾਪੂ ਦੀਆਂ ਯਾਦਾਂ ਨੂੰ ਕਿਤਾਬਾਂ ਅਤੇ ਫੋਟੋਆਂ ਦੇ ਰੂਪ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਹਰ ਪੀੜ੍ਹੀ ਇਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾ ਰਹੀ ਹੈ।
ਛੱਤੀਸਗੜ੍ਹ ਵਿੱਚ ਹੀ ਗਾਂਧੀ ਜੀ ਨੇ ਆਪਣਾ ਹਰੀਜਨੋਧਰ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮ ਦੇ ਚਲਦਿਆਂ ਬਾਪੂ ਨੇ ਇਥੇ ਕਾਫ਼ੀ ਸਮਾਂ ਬਿਤਾਇਆ। ਮਹਾਤਮਾ ਗਾਂਧੀ ਪਹਿਲੀ ਵਾਰ 1920 ਵਿੱਚ ਕੰਡੇਲ ਸੱਤਿਆਗ੍ਰਹਿ ਵਿਚ ਹਿੱਸਾ ਲੈਣ ਲਈ ਛੱਤੀਸਗੜ੍ਹ ਆਏ ਸਨ। ਦੂਜੀ ਵਾਰ 1933 ਵਿੱਚ ਉਨ੍ਹਾਂ ਸੂਬੇ ਦਾ ਦੌਰਾ ਕੀਤਾ ਸੀ। ਇਤਿਹਾਸਕਾਰ ਅਜੇ ਵੀ ਬਾਪੂ ਦੇ ਛੱਤੀਸਗੜ੍ਹ ਦੇ ਦੌਰੇ ਦੀਆਂ ਕਈ ਦਿਲਚਸਪ ਘਟਨਾਵਾਂ ਯਾਦ ਕਰਦੇ ਹਨ। ਅਸੀਂ ਤੁਹਾਨੂੰ ਮਹਾਤਮਾ ਗਾਂਧੀ ਜੀ ਦੀਆਂ ਕੁਝ ਯਾਦਗਾਰੀ ਘਟਨਾਵਾਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ।
20 ਦਸੰਬਰ, 1920 ਨੂੰ ਰਾਏਪੁਰ ਰੇਲਵੇ ਸਟੇਸ਼ਨ ਪਹੁੰਚਣ 'ਤੇ ਗਾਂਧੀ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ, ਜਿਥੇ ਮਹਾਤਮਾ ਗਾਂਧੀ ਦੀ ਇੱਕ ਝਲਕ ਵੇਖਣ ਲਈ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਉਸ ਸ਼ਾਮ ਬਾਪੂ ਨੇ ਰਾਏਪੁਰ ਦੇ ਇੱਕ ਮੈਦਾਨ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ ਸੀ ਜਿਸ ਨੂੰ ਅੱਜ ਤੱਕ ਗਾਂਧੀ ਮੈਦਾਨ ਵਜੋਂ ਜਾਣਿਆ ਜਾਂਦਾ ਹੈ। ਅਗਲੇ ਦਿਨ ਗਾਂਧੀ ਜੀ ਧਮਤਰੀ ਵੱਲ ਵੱਧ ਗਏ ਸਨ। ਇਥੇ ਗਾਂਧੀ ਜੀ ਦੇ ਕੰਡੇਲ ਸੱਤਿਆਗ੍ਰਹਿ ਲਈ ਆਉਣ ਦੀ ਖ਼ਬਰ ਸੁਣ ਕੇ ਨਹਿਰੀ ਵਿਭਾਗ ਭੰਬਲਭੂਸੇ ਵਿੱਚ ਪੈ ਗਿਆ ਸੀ। ਕਿਸਾਨਾਂ ਖ਼ਿਲਾਫ਼ ਜਾਰੀ ਕੀਤਾ ਗਿਆ ਹੁਕਮ ਵੀ ਰੱਦ ਕਰ ਦਿੱਤਾ ਗਿਆ ਸੀ।
ਗਾਂਧੀ ਜੀ ਦੀ ਫੇਰੀ ਦੌਰਾਨ ਛੱਤੀਸਗੜ੍ਹ ਦੇ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਤਿਲਕ ਸਵਰਾਜ ਫ਼ੰਡ ਲਈ ਦਾਨ ਕੀਤਾ। ਰਾਏਪੁਰ ਤੋਂ ਬਾਪੂ ਨਾਗਪੁਰ ਵੱਲ ਵਧੇ, ਜਿਥੇ ਕਾਂਗਰਸ ਦੀ ਬੈਠਕ ਵਿੱਚ ਉਨ੍ਹਾਂ ਅਸਹਿਯੋਗ ਅੰਦੋਲਨ ਦਾ ਐਲਾਨ ਕਰਨਾ ਸੀ। ਪੰਡਿਤ ਸੁੰਦਰਲਾਲ ਸ਼ਰਮਾ ਅਤੇ ਰਵੀਸ਼ੰਕਰ ਸ਼ੁਕਲਾ ਸਮੇਤ ਰਾਏਪੁਰ ਤੋਂ ਕਈ ਨੇਤਾ ਇਸ ਐਲਾਨ ਲਈ ਨਾਗਪੁਰ ਗਏ ਸਨ। ਛੱਤੀਸਗੜ੍ਹ ਤੋਂ ਕਈ ਨੇਤਾ ਜਿਵੇਂ ਪੰਡਿਤ ਰਵੀਸ਼ੰਕਰ ਸ਼ੁਕਲਾ, ਪੰਡਿਤ ਸੁੰਦਰਲਾਲ ਸ਼ਰਮਾ, ਬੈਰੀਸਟਰ ਛੇਦੀਲਾਲ ਅਤੇ ਘਣਸ਼ਿਆਮ ਗੁਪਤਾ ਗਾਂਧੀ ਜੀ ਨਾਲ ਨਿਰੰਤਰ ਸੰਪਰਕ ਵਿੱਚ ਸਨ।