ਨਵੀਂ ਦਿੱਲੀ: ਫੋਰਟਿਸ ਹੈਲਥਕੇਅਰ ਅਤੇ ਦਵਾ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਰੇਲੀਗੇਅਰ ਐਂਟਰਪ੍ਰਾਈਜਜ਼ ਦੇ ਸਾਬਕਾ ਸੀਐਮਡੀ ਸੁਨੀਲ ਗੋਧਵਾਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਈਡੀ ਨੇ ਇਹ ਕਾਰਵਾਈ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰਐਫਐਲ) ਘੁਟਾਲੇ ਮਾਮਲੇ ਵਿੱਚ ਕੀਤੀ ਹੈ। ਦੱਸ ਦਈਏ ਕਿ ਈਡੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ। ਆਰਐਫਐਲ ਰੇਲੀਗੇਅਰ ਐਂਟਰਪ੍ਰਾਈਜਜ਼ ਦੀ ਸਹਾਇਕ ਕੰਪਨੀ ਹੈ। ਮਾਲਵਿੰਦਰ ਸਿੰਘ ਅਤੇ ਉਸ ਦਾ ਭਰਾ ਸ਼ਵਿੰਦਰ ਸਿੰਘ ਰੇਲੀਗੇਅਰ ਐਂਟਰਪ੍ਰਾਈਜ਼ਜ਼ ਦੇ ਸਾਬਕਾ ਪ੍ਰਮੋਟਰ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦੋਵਾਂ ਮੁਲਜ਼ਮਾਂ ਨੂੰ ਤਿਹਾੜ ਕੇਂਦਰੀ ਜੇਲ੍ਹ ਵਿੱਚ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਜਿਥੇ ਉਹ ਪਹਿਲਾਂ ਹੀ ਦਿੱਲੀ ਪੁਲਿਸ ਵੱਲੋਂ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਦਾਇਰ ਇੱਕ ਕੇਸ ਵਿੱਚ ਬੰਦ ਹਨ।
ਈਡੀ ਦੇ ਵਕੀਲ ਨੇ ਅਦਾਲਤ ਨੂੰ ਦੋਸ਼ੀਆਂ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ। ਮਾਲਵਿੰਦਰ ਸਿੰਘ ਅਤੇ ਸੁਨੀਲ ਗੋਧਵਾਨੀ ਨੂੰ ਅਦਾਲਤ ਦੇ ਨਿਰਦੇਸ਼ ਤੋਂ ਬਾਅਦ ਮੈਟਰੋਪੋਲੀਟਨ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਗੋਧਵਾਨੀ ਉੱਤੇ ਮਨੀ ਲਾਂਡਰਿੰਗ ਐਕਟ ਤਹਿਤ ਫੰਡ ਜਮ੍ਹਾ ਕਰਨ ਦਾ ਦੋਸ਼ ਹੈ।
ਇਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਅਤੇ ਉਸ ਦੇ ਭਰਾ ਸ਼ਵਿੰਦਰ ਨੂੰ ਦਿੱਲੀ ਦੀ ਸਾਕੇਤ ਅਦਾਲਤ ਨੇ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਭੇਜ ਦਿੱਤਾ ਸੀ। ਇਸ ਤੋਂ ਇਲਾਵਾ ਤਿੰਨ ਹੋਰ ਮੁਲਜ਼ਮ ਸੁਨੀਲ ਗੋਧਵਾਨੀ, ਰੈਨਬੈਕਸੀ ਦੇ ਸਾਬਕਾ ਚੇਅਰਮੈਨ, ਸਾਬਕਾ ਸੀਈਓ ਕਵੀ ਅਰੋੜਾ ਅਤੇ ਸਾਬਕਾ ਵਿੱਤ ਮੁਖੀ ਅਨਿਲ ਸਕਸੈਨਾ ਨੂੰ ਵੀ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।