ਨਵੀਂ ਦਿੱਲੀ: ਮਰਹੂਮ ਰਾਸ਼ਟਰਪਤੀ ਡਾ.ਸ਼ੰਕਰ ਦਿਆਲ ਸ਼ਰਮਾ ਦੀ ਪਤਨੀ ਵਿਮਲਾ ਦੇਵੀ ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। 8 ਜੂਨ ਨੂੰ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਉਨ੍ਹਾਂ ਨੂੰ ਏਮਜ਼ ਦੇ ਟ੍ਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ 18 ਦਿਨਾਂ ਤੱਕ ਕੋਰੋਨਾ ਦੀ ਜੰਗ ਜਿੱਤ ਕੇ 26 ਜੂਨ ਨੂੰ ਆਪਣੇ ਘਰ ਪਰਤੇ ਸਨ। ਦਿਲ ਅਤੇ ਫੇਫੜਿਆਂ ਦੀਆਂ ਵਧਦੀਆਂ ਸਮੱਸਿਆਵਾਂ ਦੇ ਕਾਰਨ ਆਖਰਕਾਰ 15 ਅਗਸਤ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਐਤਵਾਰ ਸਵੇਰੇ 11:30 ਵਜੇ ਲੋਧੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਜਦੋਂ ਉਨ੍ਹਾਂ ਨੂੰ ਕੋਰੋਨਾ ਹੋਇਆ ਤਾਂ ਉਹ ਦਿਲ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਤੋਂ ਵੀ ਪੀੜਤ ਸਨ। ਇਸ ਦੇ ਬਾਵਜੂਦ, 18 ਦਿਨਾਂ ਤੱਕ ਏਮਜ਼ ਟ੍ਰਾਮਾ ਸੈਂਟਰ ਵਿੱਚ ਕੋਰੋਨਾ ਨਾਲ ਲੜਨ ਤੋਂ ਬਾਅਦ, ਆਖਰਕਾਰ ਉਹ 26 ਜੂਨ ਨੂੰ ਆਪਣੇ ਘਰ ਵਾਪਸ ਪਰਤੇ।
ਉਨ੍ਹਾਂ ਨੂੰ ਘਰ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ, ਪਰ ਪੋਸਟ ਕੋਵਿਡ ਕਾਂਪਲੀਕੇਸ਼ਨ ਦੇ ਕਾਰਨ, ਉਨ੍ਹਾਂ ਦੀਆਂ ਪੁਰਾਣੀਆਂ ਬਿਮਾਰੀਆਂ ਵਧੇਰੀ ਪ੍ਰੇਸ਼ਾਨ ਕਰਨ ਲੱਗੀਆਂ ਅਤੇ ਆਖਰਕਾਰ ਉਨ੍ਹਾਂ ਨੇ 15 ਅਗਸਤ ਨੂੰ 12:10 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮ੍ਰਿਤਕ ਦੇਹ ਘਰ ਰੱਖੀ ਗਈ ਹੈ। ਅੰਤਿਮ ਸਸਕਾਰ ਐਤਵਾਰ ਨੂੰ ਸਵੇਰੇ 11:30 ਵਜੇ ਲੋਧੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਕੇਂਦਰ ਸਰਕਾਰ ਨੇ ਨਹੀਂ ਪ੍ਰਗਟਾਇਆ ਸ਼ੋਕ
ਦੇਸ਼ ਦੀ ਪਹਿਲੀ ਮਹਿਲਾ ਰਹਿ ਚੁੱਕੀ ਵਿਮਲਾ ਦੇਵੀ ਦੇ ਪੁੱਤਰ ਆਸ਼ੂਤੋਸ਼ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਾਂ ਦੀ ਸਿਹਤ ਖਰਾਬ ਹੋਣ ਲੱਗੀ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੇ ਪ੍ਰੋਟੋਕੋਲ ਤਹਿਤ ਕੇਂਦਰ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੇ ਬਾਵਜੂਦ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਜਾਂ ਖੁਦ ਪ੍ਰਧਾਨ ਮੰਤਰੀ ਵੱਲੋਂ ਕੋਈ ਸੋਕ ਪ੍ਰਗਟ ਨਹੀਂ ਕੀਤਾ ਗਿਆ, ਪਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਸ਼ੋਕ ਪ੍ਰਗਟ ਕੀਤਾ।
ਬੁੱਧਵਾਰ ਨੂੰ ਅਸਥੀਆਂ ਲੈ ਕੇ ਜਾਣਗੇ ਹਰਿਦੁਆਰ
ਆਸ਼ੂਤੋਸ਼ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦਾ ਅੰਤਮ ਸਸਕਾਰ ਐਤਵਾਰ ਨੂੰ ਸਵੇਰੇ 11:30 ਵਜੇ ਲੋਧੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਕੋਰੋਨਾ ਮਹਾਂਮਾਰੀ ਦੇ ਕਾਰਨ ਅਸੀਂ ਜ਼ਿਆਦਾ ਲੋਕਾਂ ਦੇ ਅੰਤਮ ਸਸਕਾਰ ਵਿੱਚ ਸ਼ਾਮਲ ਹੋਣ ਦੀ ਉਮੀਦ ਨਹੀਂ ਕਰ ਰਹੇ। ਬੁੱਧਵਾਰ ਨੂੰ ਅੰਤਿਮ ਸਸਕਾਰ ਤੋਂ ਬਾਅਦ ਉਹ ਆਪਣੀ ਮਾਂ ਦੇ ਅਵਸ਼ੇਸ਼ਾਂ ਨੂੰ ਲੈਕੇ ਹਰਿਦੁਆਰ ਜਾਣਗੇ।